ਸਿਵਲ ਸਰਜਨ ਨੇ ਨਵਾਂ ਗਰਾਉਂ ਵਿਖੇ ‘ਕੋਰੋਨਾ ਪਾਜ਼ਿਟਿਵ’ ਮਰੀਜ਼ਾਂ ਦਾ ਹਾਲ ਜਾਣਿਆ

ਐਸ ਏ ਐਸ ਨਗਰ, 19 ਸਤੰਬਰ (ਸ.ਬ.) ਨਵਾਂ ਗਰਾਉਂ ਵਿਚ ਕੋਰੋਨਾ ਵਾਇਰਸ ਲਾਗ ਦੇ 14 ਨਵੇਂ ਕੇਸ ਸਾਹਮਣੇ ਆਉਣ ਨਾਲ ਦਸਮੇਸ਼ ਨਗਰ ਅਤੇ ਗੋਬਿੰਦ ਨਗਰ ਦੇ ਖੇਤਰਾਂ ਨੂੰ ‘ਮਾਈਕਰੋ ਕੰਟੇਨਮੈਂਟ ਜ਼ੋਨ’  ਬਣਾਇਆ ਗਿਆ ਹੈ| ਇਸ ਦੌਰਾਨ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਦੀ ਟੀਮ ਨਾਲ ਅੱਜ ਨਵਾਂ ਗਰਾਉਂ ਵਿਚ ਸਥਿਤੀ ਦਾ ਜਾਇਜ਼ਾ ਲਿਆ ਅਤੇ ‘ਕੋਰੋਨਾ ਪਾਜ਼ਿਟਿਵ’ ਮਰੀਜ਼ਾਂ ਦਾ ਹਾਲ ਜਾਣਿਆ| 
ਉਨ੍ਹਾਂ ਦਸਿਆ ਕਿ ਸਥਾਨਕ           ਦਸਮੇਸ਼ ਨਗਰ ਦੀ ਪੋਸਟ ਆਫ਼ਿਸ ਵਾਲੀ ਗਲੀ ਵਿਚਲੇ ਘਰਾਂ ਵਿਚ ਅੱਠ ਕੇਸ ਸਾਹਮਣੇ ਆਏ ਹਨ ਜਿਸ ਕਾਰਨ ਇਸ ਗਲੀ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ ਜਦਕਿ ਗੋਬਿੰਦ ਨਗਰ ਦੇ ਸੈਂਚਰੀ ਸਕੂਲ ਲਾਗਲੀ ਗਲੀ ਦੇ ਘਰਾਂ ਵਿਚ 6 ਕੇਸ ਸਾਹਮਣੇ ਆਏ ਹਨ ਜਿਸ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ ਬਦਲਿਆ ਗਿਆ ਹੈ| ਸਾਰੇ 14 ਮਰੀਜ਼ਾਂ ਦੀ ਹਾਲਤ ਦੇ ਸਨਮੁੱਖ ਉਨ੍ਹਾਂ ਨੂੰ ਘਰਾਂ ਵਿੱਚ ਹੀ ਵੱਖ-ਵੱਖ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਦੇ ਨੇੜਲੇ ਸੰਪਰਕਾਂ ਦੇ ਟੈਸਟ ਕਰਵਾਏ ਜਾ ਰਹੇ ਹਨ| ਇਸ ਤੋਂ ਇਲਾਵਾ ਲਾਗਲੇ ਘਰਾਂ ਵਿਚ ਵੀ ਸਰਵੇ ਕੀਤਾ ਜਾ ਰਿਹਾ ਹੈ|
ਡਾ. ਮਨਜੀਤ ਸਿੰਘ ਨੇ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਹ ਮਰੀਜ਼ਾਂ ਦਾ ਹੌਸਲਾ ਕਾਇਮ ਰੱਖਣ, ਚੰਗੀ ਤੇ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰਨ ਅਤੇ ਹੋਰ ਤਮਾਮ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਦੇ ਰਹਿਣ| ਉਨ੍ਹਾਂ ਕਿਹਾ ਕਿ ਮਾੜੀ-ਮੋਟੀ ਤਕਲੀਫ ਹੋਣ ਤੇ ਤੁਰੰਤ ਸਿਹਤ ਵਿਭਾਗ ਦੀ ਟੀਮ ਨਾਲ ਸੰਪਰਕ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਇਸ ਮਾਰੂ ਬੀਮਾਰੀ ਨਾਲ ਬਿਹਤਰ ਅਤੇ ਵਧੇਰੇ ਅਸਰਦਾਰ ਢੰਗ ਨਾਲ ਲੜਨ ਲਈ ਮਰੀਜ਼ਾਂ ਨੂੰ ਅਪਣਾ ਮਨੋਬਲ ਉਚਾ ਰੱਖਣਾ ਚਾਹੀਦਾ ਹੈ| 
ਉਨ੍ਹਾਂ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਖ-ਵੱਖ ਸਾਧਨਾਂ ਜ਼ਰੀਏ ਮਰੀਜ਼ਾਂ ਨੂੰ            ਸੁਨੇਹਾ ਦੇਣ ਕਿ ਇਸ ਬੀਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਸਗੋਂ ਤਗੜੇ ਹੋ ਕੇ ਇਸ ਦਾ ਮੁਕਾਬਲਾ ਕਰਨ ਦੀ ਲੋੜ ਹੈ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾੜਾ-ਮੋਟਾ ਲੱਛਣ ਦਿਸਣ ਤੇ ਤੁਰੰਤ ਟੈਸਟ ਕਰਵਾਉਣ ਤਾਂ ਕਿ ਇਸ ਬੀਮਾਰੀ ਦਾ ਸਹੀ ਸਮੇਂ ਪਤਾ ਲੱਗ ਸਕੇ ਅਤੇ ਅਸਰਦਾਰ ਢੰਗ ਨਾਲ ਇਲਾਜ ਹੋ ਸਕੇ| ਉਹਨਾਂ ਨਾਲ ਹੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ਤੇ ਹਸਪਤਾਲ ਨਾ ਜਾਇਆ ਜਾਵੇ| ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ਤੇ ਸੰਪਰਕ ਕਰ ਕੇ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ|
ਇਸੇ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਐਸ.ਐਮ.ਓ. ਘੜੂੰਆਂ ਡਾ. ਕੁਲਜੀਤ ਕੌਰ, ਡਾ. ਸੰਜੇ ਸ਼ਰਮਾ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਸਿਹਤ ਵਰਕਰ ਜਸਪਾਲ ਸਿੰਘ, ਏ.ਐਨ.ਐਮ. ਰੇਖਾ ਰਾਣੀ ਆਦਿ ਮੌਜੂਦ ਸਨ|

Leave a Reply

Your email address will not be published. Required fields are marked *