ਸਿਵਲ ਹਸਪਤਾਲ ਡੇਰਾਬੱਸੀ ਨੇ ਇੱਕ ਮਹੀਨੇ ਵਿੱਚ ਰਿਕਾਰਡ 191 ਡਿਲੀਵਰੀਆਂ ਕਰਵਾਈਆਂ, ਪਿਛਲੇ 10 ਸਾਲਾਂ ਦਾ ਤੋੜਿਆ ਰਿਕਾਰਡ

ਸਿਵਲ ਹਸਪਤਾਲ ਡੇਰਾਬੱਸੀ ਨੇ ਇੱਕ ਮਹੀਨੇ ਵਿੱਚ ਰਿਕਾਰਡ 191 ਡਿਲੀਵਰੀਆਂ ਕਰਵਾਈਆਂ, ਪਿਛਲੇ 10 ਸਾਲਾਂ ਦਾ ਤੋੜਿਆ ਰਿਕਾਰਡ
ਕੋਰੋਨਾ ਨਾਲ ਲੜ੍ਹਦਿਆਂ ਸਿਵਲ ਹਸਪਤਾਲ ਡੇਰਾਬੱਸੀ ਦੀ ਗਾਇਨੀ ਵਾਰਡ ਵਿੱਚ ਗੂੰਜਦੀਆਂ ਰਹੀਆਂ ਨਵਜੰਮਿਆਂ ਦੀਆਂ ਕਿਲਕਾਰੀਆਂ
ਡੇਰਾਬੱਸੀ, 5 ਅਗਸਤ (ਸ.ਬ.) ਡੇਰਾਬੱਸੀ ਦਾ ਸਿਹਤ ਵਿਭਾਗ ਜਿੱਥੇ ਲੋਕਾਂ ਨੂੰ ਕੋਰੋਨਾ ਦੇ ਪ੍ਰਛਾਵੇਂ ਵਿੱਚੋਂ ਬਚਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਉਥੇ ਦੂਜੇ ਪਾਸੇ ਸਿਵਲ ਹਸਪਤਾਲ ਡੇਰਾਬੱਸੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਦਿਆਂ ਇੱਕ ਮਹੀਨੇ ਵਿੱਚ 191 ਡਿਲੀਵਰੀਆਂ ਕਰ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ|
ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦੇ ਕੋਵਿਡ-19 ਟੈਸਟ ਵੀ ਕਰਵਾਏ ਗਏ ਤਾਂ ਜੋ ਉਨ੍ਹਾਂ ਦਾ ਸੁਰੱਖਿਅਤ ਜਣੇਪਾ ਕਰਵਾਇਆ ਜਾ  ਸਕੇ| ਇੱਕ ਮਹੀਨੇ ਵਿੱਚ ਗੂੰਜੀਆਂ ਇਨ੍ਹਾਂ 191 ਬੱਚਿਆਂ ਦੀਆਂ ਕਿਲਕਾਰੀਆਂ ਦਾ ਜਿੰਮਾ ਆਪਣੇ ਮਿਹਨਤੀ ਸਟਾਫ ਸਿਰ ਬੰਨ੍ਹਦਿਆਂ ਉਹਨਾਂ ਕਿਹਾ ਕਿ ਜੁਲਾਈ ਮਹੀਨੇ ਦੌਰਾਨ ਬਲਾਕ ਡੇਰਾਬੱਸੀ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਲ 279 ਜਣੇਪੇ ਕਰਵਾਏ ਗਏ ਹਨ ਜਿਨ੍ਹਾਂ ਵਿੱਚੋਂ 191 ਸਿਵਲ ਹਸਪਤਾਲ                 ਡੇਰਾਬੱਸੀ ਵਿਖੇ ਹੀ ਕਰਵਾਏ ਗਏ ਹਨ ਜਿੱਥੇ 87 ਸੀਜੇਰੀਅਨ ਤੇ 104 ਨਾਰਮਲ ਡਿਲਵਰੀ ਨਾਲ ਪੈਦਾ ਹੋਏ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਹਨ|
ਡਾ. ਜੈਨ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦਰਮਿਆਨ ਵੀ ਹਸਪਤਾਲ ਦੇ ਵਿੱਚ ਸਟਾਫ ਵੱਲੋਂ ਮਿਹਨਤ ਤੇ ਲਗਨ ਨਾਲ ਕੀਤੇ ਕੰਮ ਦਾ ਹੀ ਨਤੀਜਾ ਹੈ ਕਿ ਬੁਨਿਆਦੀ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕਿਆ ਹੈ ਅਤੇ ਆਮ ਨਾਲੋਂ ਵੱਧ ਕੰਮ ਹੋਣ ਦੇ ਬਾਵਜੂਦ ਪਿਛਲੇ 10 ਸਾਲਾਂ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਡਿਲੀਵਰੀਆਂ ਕਰਵਾਈਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਹਸਪਤਾਲ ਵਿੱਚ ਗਰਭਵਤੀ ਔਰਤਾਂ ਦੇ ਕੋਰੋਨਾ ਟੈਸਟ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਡਿਲੀਵਰੀ ਸਮੇਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਮ੍ਹਣਾ ਨਾ ਕਰਨਾ ਪਏ| ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਵਿੱਚ ਗਰਭਵਤੀ ਔਰਤਾਂ ਦਾ ਜਣੇਪਾ ਕਰਵਾਉਣਾ ਆਮ ਨਾਲੋਂ ਵੱਧ ਚਣੌਤੀ ਭਰਿਆ ਹੁੰਦਾ ਹੈ ਪਰ ਉਨ੍ਹਾਂ ਦੇ ਹਸਪਤਾਲ ਦੇ ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ਼ ਤੇ ਹੋਰ ਅਮਲੇ ਨੇ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਣਾ ਫ਼ਰਜ਼ ਬਾਖੂਬੀ ਨਿਭਾਉਂਦਿਆਂ ਪੂਰੇ ਪੇਸ਼ੇਵਰ ਤਰੀਕੇ ਤੇ ਮਾਨਵੀ ਸੰਵੇਦਨਾ ਨਾਲ ਜਣੇਪੇ ਦੇ ਕਾਰਜ ਨੂੰ ਸਿਰੇ ਚੜ੍ਹਾਇਆ ਹੈ| ਇਸ ਮੌਕੇ ਗਾਇਨੀ ਦੇ ਮਾਹਰ ਡਾਕਟਰ ਹਰਪ੍ਰੀਤ ਕੌਰ ਤੇ ਡਾ. ਅਰਚਨਾ ਤੋਂ ਇਲਾਵਾ ਦਲਵਿੰਦਰ ਕੌਰ ਨਰਸਿੰਗ ਸਿਸਟਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ|

Leave a Reply

Your email address will not be published. Required fields are marked *