ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ: ਸਿੱਧੂ

ਐਸ.ਏ.ਐਸ ਨਗਰ, 21 ਅਪ੍ਰੈਲ (ਸ.ਬ.)  ਸਾਹਿਬਜਾਦਾ ਅਜੀਤ  ਸਿੰਘ ਨਗਰ ਫੇਜ਼-6 ਸਥਿਤ ਜਿਲ੍ਹਾ ਪੱਧਰ ਦੇ ਸਿਵਲ ਹਸਪਤਾਲ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਇਸ ਨੂੰ ਆਧੂਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਸਿਵਲ ਹਸਪਤਾਲ ਦੀਆਂ ਦਰਪੇਸ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ| ਇਸ ਗੱਲ ਦੀ ਜਾਣਕਾਰੀ ਹਲਕਾ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਦਿੱਤੀ|
ਸ੍ਰ: ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ ਦੀ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ| ਜਿਹੜਾ ਸਟਾਫ ਡੈਪੁਟੇਸ਼ਨ ਤੇ ਗਿਆ ਹੋਇਆ ਹੈ ਅਤੇ ਤਨਖਾਹ ਇੱਥੋ ਪ੍ਰਾਪਤ ਕਰ ਰਿਹਾ ਹੈ,  ਉਸਨੂੰ ਵਾਪਿਸ ਬੁਲਾਇਆ ਜਾਵੇਗਾ| ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਪਾਰਕਿੰਗ ਦੀ ਸਮੱਸਿਆ ਨੂੰ ਵੀ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ ਤਾਂ ਜੋ ਸਿਵਲ ਹਸਪਤਾਲ ਵਿੱਚ ਆਉਣ ਵਾਲਿਆਂ ਨੂੰ ਪਾਰਕਿੰਗ ਦੀ ਸਮੱਸਿਆ ਨਾ               ਹੋਵੇ| ਉਨ੍ਹਾਂ ਇਸ ਮੌਕੇ ਸਮੂਹ ਡਾਕਟਰਾਂ ਨੂੰ ਆਖਿਆ ਕਿ ਉਹ ਆਪਣੀ ਡਿਉੂਟੀ ਪੂਰੀ ਸਮਰਪਿਤ ਭਾਵਨਾਂ ਨਾਲ ਕਰਨ| ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ            ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ| ਇਸ ਲਈ ਸਿਹਤ ਸੇਵਾਵਾਂ ਨੂੰ          ਹੇਠਲੇ ਪੱਧਰ ਤੱਕ ਪਹੁਚਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ| ਉਨ੍ਹਾਂ ਕਿਹਾ ਕਿ ਜਲਦੀ ਹੀ ਸਿਹਤ ਮੰਤਰੀ ਪੰਜਾਬ, ਸ੍ਰੀ ਬ੍ਰਹਮ ਮਹਿੰਦਰਾ ਇਸ ਹਸਪਤਾਲ  ਦਾ ਦੌਰਾ ਕਰਨਗੇ ਅਤੇ ਹਸਪਤਾਲ ਦੀਆਂ ਕਮੀਆਂ ਬਾਰੇ ਉਨ੍ਹਾਂ ਨੂੰ ਵਿਸਥਾਰਪੂਰਵਕ ਦੱਸਿਆ ਜਾਵੇਗਾ ਤਾਂ ਜੋ ਸਿਵਲ ਹਸਪਤਾਲ ਦੀਆਂ ਘਾਟਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ|
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ  ਡਾਕਟਰ  ਓਮ ਪ੍ਰਕਾਸ ਨੇ ਸਿਵਲ ਹਸਪਤਾਲ ਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਸ੍ਰ: ਸਿੱਧੂ ਨੂੰ ਵਿਸਥਾਰ ਪੂਰਵਕ ਦੱਸਿਆ| ਸ੍ਰ: ਸਿੱਧੂ ਨੇ ਇਨ੍ਹਾਂ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ| ਇਸ ਮੌਕੇ ਸ੍ਰ: ਸਿੱਧੂ ਦੇ ਸਿਆਸੀ ਸਕੱਤਰ ਹਰਕੇਸ ਚੰਦ ਸ਼ਰਮਾ, ਚੌਧਰੀ ਹਰੀਪਾਲ, ਗੁਰਚਰਨ ਸਿੰਘ ਭਮਰਾ, ਸਤਪਾਲ ਸਿੰਘ ਕਸਿਆਣਾ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਹੋਰ ਸਟਾਫ ਵੀ ਮੌਜੂਦ ਸੀ|

Leave a Reply

Your email address will not be published. Required fields are marked *