ਸਿਵਲ ਹਸਪਤਾਲ ਬਠਿੰਡਾ ਵਿਖੇ ਸਿਹਤ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ

ਬਠਿੰਡਾ, 3 ਸਤੰਬਰ (ਸਿਵੀਆਂ) ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਸਿਹਤ ਕਾਮਿਆਂ ਵੱਲੋਂ ਬਠਿੰਡਾ ਅਰਬਨ ਤੋਂ ਸਿਹਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਦਾ ਪੁਤਲਾ ਸਾੜਿਆ ਗਿਆ|
ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਪਿਛਲੇ ਲੰਬੇ ਅਰਸੇ ਤੋਂ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪੱਕਿਆਂ ਕਰਨ ਸਬੰਧੀ ਸਿਹਤ ਮੰਤਰੀ ਪੰਜਾਬ ਵੱਲੋਂ ਬੀਤੀ 10 ਅਗਸਤ ਨੂੰ ਹੋਈ ਮੀਟਿੰਗ ਵਿੱਚ ਉਨ੍ਹਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਇਹਨਾਂ ਮੁਲਾਜ਼ਮਾਂ ਦੀ ਫਾਈਲ ਸਬ ਕਮੇਟੀ ਦੀ ਮੀਟਿੰਗ ਵਿੱਚ ਉਹ ਖੁਦ ਲੈ ਕੇ ਜਾਣਗੇ| ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸਿਹਤ ਮੰਤਰੀ ਪੰਜਾਬ ਵੱਲੋਂ ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਦਾ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਸੀ ਪਰੰਤੂ ਸਿਹਤ ਮੰਤਰੀ ਆਪਣੇ ਵਾਇਦੇ ਤੇ ਖਰੇ ਨਹੀਂ ਉਤਰੇ ਜਿਸ ਕਾਰਨ ਪੰਜਾਬ ਦੇ ਸਮੁੱਚੇ ਸਿਹਤ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ|
ਉਹਨਾਂ ਦੱਸਿਆ ਕਿ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਪੂਰੇ ਪੰਜਾਬ ਦੇ ਸਾਰੇ ਬਲਾਕਾਂ ਵਿੱਚ 1 ਤੋਂ 8 ਸਤੰਬਰ ਤੱਕ ਸਿਹਤ ਮੰਤਰੀ ਪੰਜਾਬ ਦੇ ਪੁਤਲੇ ਸਾੜਣ ਦਾ ਪ੍ਰੋਗਰਾਮ ਰੱਖਿਆ ਹੈ ਅਤੇ 9 ਅਤੇ 10 ਸਤੰਬਰ ਨੂੰ ਜ਼ਿਲ੍ਹਾ ਹੈਡ ਕੁਆਟਰਾਂ ਤੇ ਭਰਵੀਆਂ ਮੀਟਿੰਗਾਂ ਕਰਕੇ 14 ਸਤੰਬਰ ਨੂੰ ਸਿਹਤ ਮੰਤਰੀ ਦੇ ਵਿਧਾਨ ਸਭਾ ਹਲਕਾ ਮੁਹਾਲੀ ਵਿਖੇ ਕੀਤੇ ਜਾਣ ਵਾਲੇ ਰੋਸ ਮਾਰਚ ਦੀ ਤਿਆਰੀ ਕੀਤੀ ਜਾਵੇਗੀ| ਇਸ ਰੋਸ ਧਰਨੇ ਵਿੱਚ ਗਗਨਦੀਪ ਸਿੰਘ, ਜਸਵਿੰਦਰ ਸ਼ਰਮਾ, ਸ਼ਿਵਪਾਲ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਨਰਵਿੰਦਰ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ ਅਤੇ ਹੋਰ ਆਗੂ ਹਾਜ਼ਿਰ ਸਨ|

Leave a Reply

Your email address will not be published. Required fields are marked *