ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਹੋਏ ਕੋਰੋਨਾ ਪਾਜਿਟਿਵ ਘਰ ਵਿੱਚ ਹੀ ਹੋਵੇਗਾ ਇਲਾਜ, ਕਾਂਗਰਸ ਦੀ ਭਵਾਨੀਗੜ੍ਹ ਰੈਲੀ ਦੌਰਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਟੇਜ ਤੇ ਸਨ ਮੌਜੂਦ


ਐਸ.ਏ.ਐਸ.ਨਗਰ, 6 ਅਕਤੂਬਰ (ਸ.ਬ.) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਹਲਕਾ ਮੁਹਾਲੀ ਦੇ ਕਾਂਗਰਸੀ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦਾ ਕੋਰੋਨਾ ਟੈਸਟ ਪਾਜਿਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ| ਜਿਲ੍ਹਾ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸ੍ਰ. ਸਿੱਧੂ ਦੇ ਕੋਰੋਨਾ ਪਾਜਿਟਵ ਹੋਣ ਦੀ ਪੁਸ਼ਟੀ ਕੀਤੀ ਹੈ| ਉਹਨਾਂ ਦੱਸਿਆ ਕਿ ਸ੍ਰੀ ਸਿੱਧੂ ਨੂੰ ਖਾਂਸੀ ਅਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਹੜਾ ਪਾਜਿਟਿਵ ਆਇਆ ਹੈ ਅਤੇ ਇਸਤੋਂ ਬਾਅਦ ਸ੍ਰ. ਸਿੱਧੂ ਨੂੰ ਉਹਨਾਂ ਦੇ ਸੈਕਟਰ 39 ਵਿਚਲੇ ਨਿਵਾਸ ਤੇ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ| 
ਸਿਹਤ ਵਿਭਾਗ ਵਲੋਂ ਸ੍ਰ. ਸਿੱਧੂ ਦੇ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਦੇ ਨਿਜੀ ਸਟਾਫ ਦੇ ਨਾਲ ਨਾਲ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ| ਫਿਲਹਾਲ ਸ੍ਰ. ਸਿੱਧੂ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਕੋਰੋਨਾ ਪਾਜਿਟਿਵ ਹੋਣ ਬਾਰੇ ਜਾਣਕਾਰੀ ਹਾਸਿਲ ਨਹੀਂ ਹੋਈ ਹੈ| 
ਇੱਥੇ ਜਿਕਰਯੋਗ ਹੈ ਕਿ ਸ੍ਰ. ਸਿੱਧੂ ਬੀਤੇ ਕੱਲ ਭਵਾਨੀਗੜ੍ਹ ਵਿੱਚ ਹੋਈ ਕਾਂਗਰਸ ਪਾਰਟੀ ਦੀ ਰੈਲੀ (ਜਿਸ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵਜੀਰ ਅਤੇ ਵਿਧਾਇਕ ਸ਼ਾਮਿਲ ਹੋਏ ਸਨ) ਦੇ ਇੰਚਾਰਜ ਸਨ ਅਤੇ ਪਿਛਲੇ ਦੋ ਦਿਨਾਂ ਤੋਂ ਉੱਥੇ ਹੀ ਰੈਲੀ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਸਨ| ਰੈਲੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ 19 ਦੇ ਖਿਲਾਫ ਜੰਗ ਦੌਰਾਨ ਸ੍ਰ. ਸਿੱਧੂ ਵਲੋਂ ਕੀਤੇ ਗਏ ਕੰਮ ਦੀ ਖੁੱਲੇ ਦਿਲ ਨਾਲ ਤਾਰੀਫ ਵੀ ਕੀਤੀ ਗਈ ਸੀ ਅਤੇ ਅੱਜ ਸ੍ਰ. ਸਿੱਧੂ ਖੁਦ ਹੀ ਕੋਰੋਨਾ ਪੀੜਿਤ ਹੋ ਗਏ ਹਨ| 
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰ. ਸਿੱਧੂ ਵਲੋਂ ਬੀਤੀ ਰਾਤ ਖਾਂਸੀ ਅਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ ਜਿਸਤੋਂ ਬਾਅਦ ਉਹਨਾਂ ਦਾ ਕੋਰੋਨਾ ਦਾ ਟੈਸਟ ਕਰਵਾਇਆ ਗਿਆ ਸੀ ਜਿਹੜਾ ਪਾਜਿਟਿਵ ਆਇਆ ਹੈ|

Leave a Reply

Your email address will not be published. Required fields are marked *