ਸਿਹਤ ਟੀਮ ਨੇ ‘ਕੋਰੋਨਾ ਪਾਜ਼ਿਟਿਵ’ ਮਰੀਜ਼ ਦੇ ਘਰ ਅਤੇ ਆਲੇ-ਦੁਆਲੇ ਨੂੰ ਕੀਤਾ ਰੋਗਾਣੂ-ਮੁਕਤ

ਬੂਥਗੜ੍ਹ, 4 ਸਤੰਬਰ (ਸ.ਬ.) ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ੍ਹ ਦੀ ਸਿਹਤ ਟੀਮ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਦੀ ਅਗਵਾਈ ਹੇਠ ਪਿੰਡ ਸ਼ਾਹਪੁਰ ਵਿਚ ‘ਕੋਰੋਨਾ ਵਾਇਰਸ’ ਤੋਂ ਪੀੜਤ ਮਰੀਜ਼ ਦੇ ਘਰ ਅਤੇ ਆਲੇ-ਦੁਆਲੇ ਨੂੰ ਦਵਾਈ ਛਿੜਕ ਕੇ ਰੋਗਾਣੂ ਮੁਕਤ ਕੀਤਾ|
ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਇਸ ਪਿੰਡ ਦੀ 61 ਸਾਲਾ ਔਰਤ ‘ਕੋਰੋਨਾ ਵਾਇਰਸ’ ਬੀਮਾਰੀ ਦੀ ਲਪੇਟ ਵਿਚ ਆ ਗਈ ਸੀ ਜਿਸ ਕਾਰਨ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ| ਉਨ੍ਹਾਂ ਦਸਿਆ ਕਿ ਸਿਹਤ ਟੀਮ ਨੇ ਸਬੰਧਤ ਔਰਤ ਦੇ ਘਰ ਅਤੇ ਆਲੇ-ਦੁਆਲੇ ਨੂੰ ਸੈਨੇਟਾਈਜ਼ ਕੀਤਾ ਹੈ ਤਾਂ ਕਿ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ| ਉਨ੍ਹਾਂ ਕਿਹਾ ਕਿ ਇਸ ਮਾਰੂ ਬੀਮਾਰੀ ਦਾ ਪਤਾ ਲਾਉਣ ਲਈ ਟੈਸਟਾਂ ਦੀ ਗਿਣਤੀ ਵਧਣ ਕਾਰਨ ਲਾਗ ਦੇ ਕੇਸ ਵੀ ਵੱਧ ਰਹੇ ਹਨ| ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਥਾਈਂ ਲੋਕ ਬਿਨਾਂ ਮੂੰਹ ਢੱਕੇ ਹੀ ਘੁੰਮ ਰਹੇ ਹਨ ਅਤੇ ਹੋਰ ਸਾਵਧਾਨੀਆਂ ਵੀ ਨਹੀਂ ਵਰਤ ਰਹੇ|
ਡਾ. ਦਿਲਬਾਗ਼ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਾਲ-ਨਾਲ ਡੇਂਗੂ ਬੁਖ਼ਾਰ ਤੋਂ ਵੀ ਬਚਣਾ ਬਹੁਤ ਜ਼ਰੂਰੀ ਹੈ ਇਸ ਲਈ ਜਰੂਰੀ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ| 
ਇਸ ਮੌਕੇ ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਪਿੰਡ ਦੇ ਸਰਪੰਚ ਸੁਰਿੰਦਰ ਸਿੰਘ, ਸਿਹਤ ਵਰਕਰ ਅਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *