ਸਿਹਤ ਬੀਮਾ ਯੋਜਨਾ : ਹੁਣ ਮਾਰਕੀਟ ਕਮੇਟੀਆਂ ਦੇ ਦਫਤਰਾਂ ਵਿੱਚ ਵੀ ਬਣਨ ਲੱਗੇ ਈ-ਕਾਰਡ
ਐਸ.ਏ.ਐਸ.ਨਗਰ, 22 ਜਨਵਰੀ (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੁਹਾਲੀ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਪਰਿਵਾਰਾਂ ਅਤੇ ਜੇ ਫਾਰਮ ਧਾਰਕ ਕਿਸਾਨਾਂ ਦੇ ਕਾਰਡ ਬਣਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਾਰਡ ਬਣਾਉਣ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਸ਼ਹਿਰੀ ਖੇਤਰ ਦੀਆਂ ਗਲੀਆਂ, ਮੁਹੱਲਿਆਂ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਾਰਡ ਬਣਾਏ ਜਾ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਹੁਣ ਮਾਰਕੀਟ ਕਮੇਟੀ ਦੇ ਦਫਤਰਾਂ ਵਿਚ ਵੀ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮਾਰਕੀਟ ਕਮੇਟੀ ਲਾਲੜੂ, ਮਾਰਕੀਟ ਕਮੇਟੀ ਡੇਰਾਬੱਸੀ, ਮਾਰਕੀਟ ਕਮੇਟੀ ਬਨੂੜ, ਮਾਰਕੀਟ ਕਮੇਟੀ ਖਰੜ ਅਤੇ ਮਾਰਕੀਟ ਕਮੇਟੀ ਕੁਰਾਲੀ ਦੇ ਦਫ਼ਤਰਾਂ ਵਿਚ ਵੀ ਕਾਰਡ ਬਣਾਏ ਜਾ ਰਹੇ ਹਨ ਜਦਕਿ ਪ੍ਰਮੁੱਖ ਸਰਕਾਰੀ ਸਿਹਤ ਸੰਸਥਾਵਾਂ ਅਤੇ ਕਾਮਨ ਸਰਵਿਸ ਸੈਂਟਰਾਂ ਤੇ ਕਾਰਡ ਬਣਾਉਣ ਦਾ ਕੰਮ ਪਹਿਲਾਂ ਵਾਂਗ ਜਾਰੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਲਗਭਗ ਸਵਾ ਚਾਰ ਲੱਖ ਕਾਰਡ ਬਣਾਉਣ ਦਾ ਟੀਚਾ ਹੈ ਜਿਸ ਵਿਚੋਂ ਹੁਣ ਤੱਕ 1,35,676 ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਲੋੜਵੰਦ ਪਰਿਵਾਰਾਂ ਨੂੰ 5 ਲੱਖ ਰੁੁਪਏ ਦੇ ਮੁਫਤ ਇਲਾਜ ਦੀ ਸਹੂਲਤ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਦਿੱਤੀ ਜਾਂਦੀ ਹੈ। ਇਹ ਸਹੂਲਤ ਕਈ ਗੰਭੀਰ ਬੀਮਾਰੀਆਂ ਜਿਵੇਂ ਦਿਲ ਦੀਆਂ ਬੀਮਾਰੀਆਂ, ਗੋਡਿਆਂ ਦਾ ਬਦਲਾਅ, ਅੱਖਾਂ ਦੇ ਆਪਰੇਸ਼ਨ, ਜਣੇਪਾ, ਕੈਂਸਰ ਆਦਿ ਦੇ ਇਲਾਜ ਲਈ ਵੀ ਦਿੱਤੀ ਜਾਂਦੀ ਹੈ। ਇਸ ਯੋਜਨਾ ਮੁਤਾਬਕ ਪਿਛਲੇ ਸਾਲ ਫ਼ੇਜ਼ 1 ਤਹਿਤ 1392 ਬੀਮਾਰੀਆਂ ਦੇ ਪੈਕੇਜ ਨੂੰ ਸ਼ਾਮਲ ਕਰਕੇ ਹੁਣ ਕੋਵਿਡ ਸਮੇਤ ਕੁਲ 1579 ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ।