ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 35 ਡੈਂਟਲ ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ 24 ਬੀਐਲਐਸ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ


ਚੰਡੀਗੜ੍ਹ, 12 ਨਵੰਬਰ (ਸ.ਬ.) ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ 35 ਮੈਡੀਕਲ ਅਫ਼ਸਰਾਂ (ਡੈਂਟਲ) ਨੂੰ ਨਿਯੁਕਤੀ ਪੱਤਰ ਸੌਂਪੇ| ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਨੌਕਰੀਆਂ ਦੇਣ ਦੀ ਲੜੀ ਤਹਿਤ ਅੱਜ 35 ਮੈਡੀਕਲ ਅਫਸਰ (ਡੈਂਟਲ) ਭਰਤੀ ਕੀਤੇ ਗਏ ਹਨ| 
ਸ. ਸਿੱਧੂ ਨੇ ਕਿਹਾ ਕਿ ਹਾਲ ਹੀ ਵਿੱਚ, 107 ਮਾਹਰ ਡਾਕਟਰਾਂ ਅਤੇ 375 ਮੈਡੀਕਲ ਅਫਸਰ (ਜਨਰਲ) ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ ਅਤੇ ਪੰਜਾਬ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ| ਉਹਨਾਂ ਦੱਸਿਆ ਕਿ ਇਨ੍ਹਾਂ ਡਾਕਟਰਾਂ ਵਿਚ 19 ਈ.ਐਨ.ਟੀ., 32 ਪੈਥੋਲੋਜੀ, 7 ਮੈਡੀਸਨ, 18 ਅੱਖਾਂ ਦੇ ਮਾਹਰ, 4 ਮਨੋਰੋਗ ਮਾਹਰ, 11 ਚਮੜੀ ਅਤੇ 16 ਹੱਡਿਆਂ ਦੇ ਮਾਹਰਾਂ ਦੇ ਨਾਲ ਨਾਲ 375 ਮੈਡੀਕਲ ਅਫ਼ਸਰ (ਜਨਰਲ) ਭਰਤੀ ਕੀਤੇ ਗਏ ਹਨ| ਇਸ ਤੋਂ ਇਲਾਵਾ, ਸਿਹਤ ਵਿਭਾਗ ਪੰਜਾਬ ਅਧੀਨ 2017 ਤੋਂ 2019 ਤੱਕ ਮੈਡੀਕਲ ਅਧਿਕਾਰੀਆਂ ਸਮੇਤ ਪੈਰਾ ਮੈਡੀਕਲ ਅਤੇ ਹੋਰ ਸਟਾਫ ਦੀਆਂ 7000 ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਜਦੋਂ ਕਿ 3940 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਮਨਜੀਤ ਸਿੰਘ, ਡਾਇਰੈਕਟਰ ਪ੍ਰਕਿਓਰਮੈਂਟ ਰਾਜੇਸ਼ ਸ਼ਰਮਾ, ਸਹਿਕਾਰੀ ਬੈਂਕ, ਮੁਹਾਲੀ ਦੇ ਡਾਇਰੈਕਟਰ ਸ੍ਰੀ ਹਰਕੇਸ਼ ਚੰਦ ਸ਼ਰਮਾ ਵੀ ਹਾਜ਼ਰ ਸਨ|
ਇਸੇ ਦੌਰਾਨ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 24 ਬੀ.ਐਲ.ਐਸ. ਫੋਰਸ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ| ਇਹ ਐਂਬੂਲੈਂਸਾਂ ਕੋਰੋਨਾ ਮਹਾਂਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਮਰੀਜ਼ਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਕਰਣਗੀਆਂ| ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 100 ਹੋਰ ਐਂਬੂਲੈਂਸਾਂ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸਦੇ ਤਹਿਤ ਫੋਰਸ ਮੋਟਰਜ਼ ਤੋਂ 61 ਅਤੇ ਟਾਟਾ ਮੋਟਰਜ਼ ਤੋਂ 20 ਐਂਬੂਲੈਂਸਾਂ ਦੀ ਖਰੀਦ ਕੀਤੀ ਗਈ ਹੈ|
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ‘ਮੇਕ ਇਨ ਪੰਜਾਬ’ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਮੈਸਰਜ਼ ਐਸ. ਐਮ. ਐਲ. ਆਈ. ਐਸ. ਯੂ. ਜੈਡ. ਯੂ. ਲਿਮਟਿਡ ਤੋਂ 77 ਐਂਬੂਲੈਂਸਾਂ ਖਰੀਦੀਆਂ ਗਈਆਂ ਸਨ| ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਐਮਰਜੈਂਸੀ ਦੀ ਸਥਿਤੀ ਵਿਚ ਸ਼ਹਿਰੀ ਖੇਤਰਾਂ ਵਿਚ 20 ਮਿੰਟਾਂ ਅਤੇ ਪੇਂਡੂ ਖੇਤਰਾਂ ਵਿਚ 30 ਮਿੰਟਾਂ ਵਿੱਚ ਐਂਬੂਲੈਂਸਾਂ ਪਹੁੰਚ ਜਾਣ|

Leave a Reply

Your email address will not be published. Required fields are marked *