ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਪੱਤੜਾਂ ਦੀ ਪੰਚਾਇਤ ਨੂੰ ਸੌਂਪੀ 3 ਲੱਖ ਰੁਪਏ ਦੀ ਗ੍ਰਾਂਟ
ਖਰੜ, 23 ਦਸੰਬਰ (ਸ.ਬ.) ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਪਿੰਡ ਪੱਤੜਾਂ ਦੀ ਪੰਚਾਇਤ ਨੂੰ ਧਰਮਸ਼ਾਲਾ ਦੀ ਉਸਾਰੀ ਲਈ 3 ਲੱਖ ਰੁਪਏ ਦੀ ਗ੍ਰਾਂਟ ਸੌਂਪੀ। ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਨੇ ਦਸਿਆ ਕਿ ਪਿੰਡ ਦੀ ਇਹ ਬਹੁਤ ਪੁਰਾਣੀ ਮੰਗ ਸੀ ਜਿਹੜੀ ਹੁਣ ਪੂਰੀ ਕਰ ਦਿਤੀ ਗਈ ਹੈ।
ਉਨ੍ਹਾਂ ਕਿਹਾ ਕਿ ਧਰਮਸ਼ਾਲਾ ਦੀ ਉਸਾਰੀ ਲਈ ਪਿੰਡ ਵਾਸੀ ਆਪਣੇ ਕਾਰਜ ਛੱਤ ਹੇਠ ਬਿਹਤਰ ਢੰਗ ਨਾਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੇ ਯਤਨਾਂ ਨਾਲ ਪਿੰਡ ਦੀ ਪੰਚਾਇਤ ਨੂੰ ਇਹ ਗ੍ਰਾਂਟ ਮਿਲੀ ਹੈ। ਸ. ਸਿੱਧੂ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਵੀ ਫ਼ੌਰੀ ਹੱਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਪਿੰਡ ਥਾਣਾ ਸੋਹਾਣਾ ਦੇ ਅਧਿਕਾਰ ਖੇਤਰ ਅਧੀਨ ਹੈ ਜਿਸ ਕਾਰਨ ਉਨ੍ਹਾਂ ਦੀ ਤਹਿਸੀਲ ਐਸ.ਏ.ਐਸ. ਨਗਰ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਭਾਰਤਪੁਰ, ਚਡਿਆਲਾ ਸੂਦਾਂ ਅਤੇ ਸੋਏ ਮਾਜਰਾ ਦੀਆਂ ਪੰਚਾਇਤਾਂ ਵੀ ਇਹ ਮੰਗ ਕਰ ਚੁੱਕੀਆਂ ਹਨ ਕਿ ਉਨ੍ਹਾਂ ਦਾ ਪਿੰਡ ਤਹਿਸੀਲ ਐਸ.ਏ.ਐਸ. ਨਗਰ ਦੇ ਘੇਰੇ ਵਿਚ ਹੋਣਾ ਚਾਹੀਦਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਸ. ਸਿੱਧੂ ਅਤੇ ਸ੍ਰੀ ਸ਼ਰਮਾ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਹਰਪ੍ਰੀਤ ਕੌਰ ਸਰਪੰਚ, ਹਰਨੈਬ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ (ਸਾਰੇ ਸਾਬਕਾ ਸਰਪੰਚ), ਕੁਲਦੀਪ ਸਿੰਘ ਗਾਗਾ, ਜਸਵਿੰਦਰ ਿੰਸਘ ਭੱਪਾ ਸਰਪੰਚ ਗਿੱਦੜਪੁਰ, ਜਤਿੰਦਰ ਸਿੰਘ, ਪ੍ਰਵੀਨ ਰਾਣੀ, ਚਰਨਜੀਤ ਕੌਰ (ਸਾਰੇ ਪੰਚ), ਧਿਆਨ ਸਿੰਘ ਨੰਬਰਦਾਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।