ਸਿਹਤ ਮੰਤਰੀ ਵਲੋਂ ਜਿਲ੍ਹਾ ਬਾਰ ਐਸੋਸੀਏਸ਼ਨ ਲਈ ਪੰਜ ਲੱਖ ਰੁਪਏ ਦਾ ਚੈਕ ਜਾਰੀ
ਐਸ ਏ ਐਸ ਨਗਰ, 23 ਦਸੰਬਰ (ਸ਼ਬ ਪੰਜਾਬ ਦੇ ਸਿਹਤ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵੱਲੋਂ ਕਰਵਾਏ ਇਕ ਸਮਾਗਮ ਵਿੱਚ ਸ਼ਾਮਿਲ ਹੁੰਦਿਆਂ ਵਕੀਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ੍ਰੀ ਸਿੱਧੂ ਨੇ ਜਿਲ੍ਹਾ ਬਾਰ ਐਸੋਸੀਏਸ਼ਨ ਲਈ ਐਲਾਨੀ ਸਹਾਇਤਾ ਰਾਸ਼ੀ ਦੀ ਪਹਿਲੀ ਕਿਸ਼ਤ ਦਾ ਪੰਜ ਲੱਖ ਰੁਪਏ ਦਾ ਚੈਕ ਵੀ ਜਾਰੀ ਕੀਤਾ। ਇਸ ਮੌਕੇ ਕੈਬਿਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇਂ ਕਿਹਾ ਕਿ ਵਕੀਲ ਸਮਾਜ ਦਾ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਉਹ ਵਕੀਲਾਂ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਉਹਨਾ ਕਿਹਾ ਕਿ ਬਾਰ ਐਸੋਸੀਏਸ਼ਨ ਲਈ ਐਲਾਨੀ ਹੋਈ ਵਿੱਤੀ ਰਾਸ਼ੀ ਦੋ ਕਿਸ਼ਤਾਂ ਵਿਚ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੀ ਅਗਲੀ ਕਿਸ਼ਤ ਵੀ ਬਹੁਤ ਜਲਦੀ ਜਾਰੀ ਕੀਤੀ ਜਾਵੇਗੀ। ਉਹਨਾਂ ਇਸ ਮੌਕੇ ਬਾਰ ਮੈਂਬਰਾਂ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਤਿਆਰ ਕੀਤਾ ਸਟਿੱਕਰ ਵੀ ਜਾਰੀ ਕੀਤਾ।
ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਸ੍ਰੀ ਸਿਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਬਿਨਿਟ ਮੰਤਰੀ ਨਾਲ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸਬੰਧ ਬਹੁਤ ਪੁਰਾਣੇ ਹਨ ਅਤੇ ਜਦੋਂ ਵੀ ਲੋੜ ਪਈ ਹੈ, ਸ੍ਰੀ ਸਿੱਧੂ ਹਮੇਸ਼ਾ ਵਕੀਲ ਭਾਈਚਾਰੇ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਪ੍ਰਾਪਤ ਕੀਤੀ ਵਿੱਤੀ ਰਾਸ਼ੀ ਬਾਰ ਦੀ ਭਲਾਈ ਅਤੇ ਮੈਂਬਰਾਂ ਦੀ ਸੁਵਿਧਾਕਰਣ ਲਈ ਵਰਤੀ ਜਾਵੇਗੀ।
ਇਸ ਮੌਕੇ ਨਰਪਿੰਦਰ ਸਿੰਘ ਰੰਗੀ, ਹਰਜਿੰਦਰ ਸਿੰਘ ਢਿਲੋਂ, ਸੰਜੀਵ ਮੈਣੀ, ਬਲਜਿੰਦਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸੋਹੀ ਅਤੇ ਸੁਸ਼ੀਲ ਕੁਮਾਰ ਅੱਤਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਕੰਵਰਬੀਰ ਸਿੰਘ ਸਿੱਧੂ, ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰਾਂ ਤੋਂ ਇਲਾਵਾ ਕੁਲਦੀਪ ਸਿੰਘ ਰਠੌੜ, ਕਨਵਰ ਜੋਰਾਵਰ ਸਿੰਘ, ਗਗਨਦੀਪ ਸਿੰਘ, ਨੀਰੂ ਥਰੇਜਾ, ਗੁਰਦੀਪ ਸਿੰਘ, ਸਨੇਹਪ੍ਰੀਤ ਸਿੰਘ, ਰਜੇਸ਼ ਗੁਪਤਾ, ਸੰਦੀਪ ਸਿੰਘ ਲੱਖਾ, ਅਮਰਜੀਤ ਸਿੰਘ ਰੁਪਾਲ, ਨਵੀਨ ਸੈਣੀਂ, ਗੁਰਬੀਰ ਸਿੰਘ ਅੰਟਾਲ, ਹਰਕਿਸ਼ਨ ਸਿੰਘ, ਮੋਹਿਤ ਵਰਮਾ, ਅਕਸ਼ ਚੇਤਲ, ਦਮਨਜੀਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਖਟੜਾ, ਗੁਰਮੀਤ ਸਿੰਘ ਕੋਰੇ ਅਤੇ ਹਰਵਿੰਦਰ ਸੈਣੀਂ ਸਮੇਤ ਵੱਡੀ ਗਿਣਤੀ ਵਕੀਲ ਹਾਜਰ ਸਨ।