ਸਿਹਤ ਵਿਭਾਗ ਦੀ ਟੀਮ ਨੇ ਕੀਤਾ ਥਾਣਾ ਮਾਜਰੀ ਦੇ 20 ਮੁਲਾਜ਼ਮਾਂ ਦਾ ਕੋਰੋਨਾ ਟੈਸਟ

ਸਾਰੇ ਟੈਸਟਾਂ ਦੀਆਂ ਰਿਪਰਟਾਂ ਨੈਗੇਟਿਵ : ਡਾ. ਦਿਲਬਾਗ ਸਿੰਘ
ਐਸ ਏ ਐਸ ਨਗਰ, 3 ਅਕਤੂਬਰ (ਸ.ਬ.)  ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਿਲਬਾਗ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਸਟੇਸ਼ਨ ਮਾਜਰੀ ਦੇ 20 ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਟੈਸਟ ਕੀਤੇ| ਜਿਨ੍ਹਾਂ ਵਿਚੋਂ ਸਾਰਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ| 
ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਥਾਣਾ ਮਾਜਰੀ ਵਿਖੇ ਜਾ ਕੇ ਰੈਪਿਡ ਕਾਰਡ ਟੈਸਟ ਕੀਤੇ ਹਨ| ਉਨਾਂ ਦੱਸਿਆ ਕਿ ਮੌਕੇ ਤੇ ਹੀ ਸਾਰੇ ਟੈਸਟਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਅਤੇ ਸਾਰੀਆਂ ਰਿਪੋਰਟਾਂ ਨੈਗੇਟਿਵ ਹਨ| 
ਉਹਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ| ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਆਪਣੇ ਟੈਸਟ ਕਰਵਾਉਣ ਤੋਂ ਬਿਲਕੁਲ ਵੀ ਨਾ ਘਬਰਾਉਣ| ਉਨਾਂ ਕਿਹਾ ਕਿ ਕਈ ਵਾਰ ਲੋਕ ਹਾਲਤ ਖਰਾਬ ਹੋਣ ਤੇ ਹੀ ਸਿਹਤ ਸੰਸਥਾ ਵਿੱਚ ਆਉਂਦੇ ਹਨ ਜਿਸ ਕਾਰਨ ਮਰੀਜ਼ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ| ਇਸ ਲਈ ਇਸ ਬੀਮਾਰੀ ਦਾ ਕੋਈ ਵੀ ਲੱਛਣ ਦਿਸਣ ਤੇ ਤੁਰੰਤ ਟੈਸਟ ਕਰਵਾਇਆ ਜਾਵੇ ਤਾਂ ਕਿ ਸਮੇਂ ਸਿਰ ਇਸ ਬੀਮਾਰੀ ਤੋਂ ਬਚਿਆ ਜਾ ਸਕੇ|
ਉਹਨਾਂ ਦਾਅਵਾ ਕੀਤਾ ਕਿ ਇਲਾਕੇ ਵਿੱਚ ਕੋਰੋਨਾ ਵਾਇਰਸ ਬੀਮਾਰੀ ਦੇ ਫੈਲਾਅ ਪੱਖੋਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜਿੱਥੇ ਕਿਤੇ ਵੀ ਪਾਜ਼ਿਟਿਵ ਕੇਸ ਸਾਹਮਣੇ ਆਉਂਦਾ ਹੈ, ਸਿਹਤ ਵਿਭਾਗ ਦੀ ਟੀਮ ਮੌਕੇ ਤੇ ਪਹੁੰਚ ਕੇ ਜਿੱਥੇ ਮਰੀਜ਼ ਨੂੰ ਘਰ ਵਿੱਚ ਇਕਾਂਤਵਾਸ ਕਰਦੀਆਂ ਹਨ, ਉਥੇ ਉਸ ਦੇ ਕਰੀਬੀ ਸੰਪਰਕਾਂ ਦੀ ਵੀ ਜਾਂਚ ਕਰਵਾਈ ਜਾਂਦੀ ਹੈ| ਇਸ ਦੌਰਾਨ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਕੋਵਿਡ           ਕੇਅਰ ਸੈਂਟਰ ਵਿੱਚ ਦਾਖਲ ਕਰਵਾਇਆ ਜਾਂਦਾ ਹੈ| 
ਇਸ ਮੌਕੇ ਡਾ. ਸੁਬਿਨ, ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਸੀ.ਐਚ.ਓ ਕਰਮਜੀਤ ਕੌਰ ਅਤੇ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *