ਸਿਹਤ ਵਿਭਾਗ ਦੀ ਟੀਮ ਨੇ ਸ਼ਾਹੀ ਮਾਜਰਾ ਦੇ ਘਰਾਂ ਵਿੱਚ ਜਾ ਕੇ ਕੀਤੀ ਡੇਂਗੂ ਦੀ ਜਾਂਚ
ਐਸ ਏ ਐਸ ਨਗਰ, 11 ਦਸੰਬਰ (ਆਰ ਪੀ ਵਾਲੀਆ) ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਬੁਖਾਰ ਬਾਰੇ ਪਿੰਡ ਸ਼ਾਹੀ ਮਾਜਰਾ ਵਿੱਚ ਘਰ ਘਰ ਜਾ ਕੇ ਜਾਂਚ ਕੀਤੀ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ 282 ਘਰਾਂ ਦੀ ਜਾਂਚ ਕੀਤੀ ਗਈ ਜਿਹਨਾਂ ਵਿੱਚੋਂ 14 ਘਰਾਂ ਅਤੇ 15 ਕੰਨਟੇਨਰਾਂ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਪਾਇਆ ਗਿਆ ਜਿਹਨਾਂ ਵਿੱਚ ਲਾਰਵਾ ਖਤਮ ਕਰਨ ਵਾਲੀ ਦਵਾਈ ਪਾ ਕੇ ਬਾਅਦ ਵਿੱਚ ਖਾਲੀ ਕਰਵਾਇਆ ਗਿਆ|
ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਸੁਪਰਵਾਈਜਰ ਗੁਰਜੀਤ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਕਿਹਾ ਕਿ ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਕੱਪੜੇ ਅਜਿਹੇ ਪਾਓ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ| ਇਸਦੇ ਨਾਲ ਹੀ ਉਹਨਾਂ ਹਿਦਾਇਤ ਕੀਤੀ ਕਿ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਨੂੰ ਹਫਤੇ ਵਿੱਚ ਇੱਕ ਵਾਰੀ ਖਾਲੀ ਕਰਕੇ ਸੁਕਾ ਕੇ ਵਰਤੋਂ ਵਿੱਚ ਲਿਆਂਦਾ ਜਾਵੇ| ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈਕਅੱਪ ਕਰਵਾਉਣ|