ਸਿਹਤ ਵਿਭਾਗ ਦੀ ਟੀਮ ਵੱਲੋਂ ਰੈਸਟੋਰੈਟਾਂ ਦੀ ਚੈਕਿੰਗ

ਸਿਹਤ ਵਿਭਾਗ ਦੀ ਟੀਮ ਵੱਲੋਂ ਰੈਸਟੋਰੈਟਾਂ ਦੀ ਚੈਕਿੰਗ

ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ

ਐਸ.ਏ.ਐਸ.ਨਗਰ, 19 ਜੁਲਾਈ (ਸ.ਬ.) ਜ਼ਿਲ੍ਹਾ ਸਿਹਤ ਅਫਸਰ ਡਾ. ਆਰ.ਐਸ.ਕੰਗ ਦੀ ਅਗਵਾਈ ਵਾਲੀ ਟੀਮ ਵੱਲੋਂ ਸ਼ਹਿਰ ਵਿਚਲੇ ਰੈਸਟੋਰਂੈਟਾਂ, ਜਿਨ੍ਹਾਂ ਵਿੱਚ ਬਾਰਬੀਕਿਊ ਨੇਸ਼ਨ ਅਤੇ ਬਰਿਊ ਮਾਸਟਰ ਸ਼ਾਮਿਲ ਹਨ, ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਖਾਣ-ਪੀਣ ਵਾਲੀਆਂ ਚੀਜਾਂ ਦੇ ਸੈਂਪਲ ਭਰੇ ਗਏ ਜੋ ਕਿ ਵਿਭਾਗ ਦੀ ਖਰੜ ਸਥਿਤ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ. ਕੰਗ ਨੇ ਦੱਸਿਆ ਕਿ ਚੈਕਿੰਗ ਦੌਰਾਨ ਰੈਸਟੋਰੈਂਟਾਂ ਦੇ ਅਮਲੇ ਨੂੰ ਸਾਫ-ਸਫਾਈ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ| ਇਸ ਦੇ ਨਾਲ ਹੀ ਉਨ੍ਹਾਂ ਨੂੰ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਦੇ ਢੁਕਵੇਂ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਰੈਸਟੋਰੈਂਟਾਂ ਦੇ ਅਮਲੇ ਨੂੰ ਖਾਣ-ਪੀਣ ਵਾਲੀ ਸਮੱਗਰੀ ਨੂੰ ਸਹੀ ਢੰਗ ਨਾਲ ਸਟੋਰ ਕਰਨ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ| ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਧੰਦੇ ਨਾਲ ਜੁੜੇ ਲੋਕਾਂ ਵੱਲੋਂ ਖੁਰਾਕ ਸੁਰੱਖਿਆ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਮੁਤਾਬਿਕ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|
ਡਾ. ਕੰਗ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਚਲਾਈ ਜਾ ਰਹੀ ਇਹ ਚੈਕਿੰਗ ਮੁਹਿੰਮ ਅੱਗੇ ਵੀ ਜਾਰੀ ਰੱਖੀ ਜਾਵੇਗੀ| ਚੈਕਿੰਗ ਕਰਨ ਵਾਲੀ ਟੀਮ ਵਿੱਚ ਖੁਰਾਕ ਸੁਰੱਖਿਆ ਅਫਸਰ ਅਨਿੱਲ ਸਮੇਤ ਸਿਹਤ ਵਿਭਾਗ ਦੇ ਕਈ ਕਰਮਚਾਰੀ ਤੇ ਅਧਿਕਾਰੀ ਸ਼ਾਮਿਲ ਸਨ|

Leave a Reply

Your email address will not be published. Required fields are marked *