ਸਿਹਤ ਵਿਭਾਗ ਵੱਲੋਂ 18 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ

ਚੰਡੀਗੜ੍ਹ, 5 ਦਸੰਬਰ (ਸ.ਬ.) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਵੱਲੋਂ ਦਿੱਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਸਿਹਤ ਵਿਭਾਗ ਨੇ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੇ ਬਕਾਇਆ ਪਏ ਸਮੂਹ ਕੇਸਾਂ ਨੂੰ ਨਿਪਟਾਉਂਦੇ ਹੋਏ 18 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਹਨ| ਇਸ ਭਰਤੀ ਨਾਲ ਸਿਹਤ ਵਿਭਾਗ ਵਿੱਚ ਤਰਸ ਦੇ ਆਧਾਰ ਤੇ ਭਰਤੀ ਦਾ ਕੋਈ ਵੀ ਮਾਮਲਾ ਹੁਣ ਲੰਬਿਤ ਨਹੀਂ ਰਹਿ ਗਿਆ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 18 ਉਮੀਦਵਾਰਾਂ ਨੂੰ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਡੀ.ਐਚ.ਐਸ. ਦਫ਼ਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਸੌਂਪੇ ਗਏ| ਉਨ੍ਹਾਂ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਵਿੱਚ 2 ਕਲਰਕ, 1 ਡਰਾਈਵਰ ਅਤੇ 15 ਦਰਜਾ ਚਾਰ ਕਰਮਚਾਰੀ ਸ਼ਾਮਿਲ ਹਨ|
ਉਹਨਾਂ ਦੱਸਿਆ ਕਿ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਤਾਕੀਦ ਕੀਤੀ| ਸਿਹਤ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਭਰਤੀ ਦੀ ਵੱਡੀ ਪ੍ਰਕਿਰਿਆ ਅਰੰਭੀ ਹੋਈ ਹੈ ਜਿਸ ਤਹਿਤ 306 ਮੈਡੀਕਲ ਅਫ਼ਸਰਾਂ ਨੂੰ ਬੀਤੇ ਦਿਨੀਂ ਮੁਹਾਲੀ ਵਿਖੇ ਨਿਯੁਕਤੀ ਪੱਤਰ ਸੌਂਪੇ ਗਏ ਸਨ| ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਹਰ ਡਾਕਟਰਾਂ ਦੀ ਭਰਤੀ ਅਖ਼ੀਰਲੇ ਪੜਾਅ ਤੇ ਪੁੱਜ ਚੁੱਕੀ ਹੈ| ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਈ. ਐਸ. ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਖੇ ਖ਼ਾਲੀ ਪਈਆਂ ਸਮੂਹ 185 ਆਸਾਮੀਆਂ ਦੀ ਭਰਤੀ ਲਈ 3 ਦਸੰਬਰ ਨੂੰ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਸੀ| ਇਨ੍ਹਾਂ ਆਸਾਮੀਆਂ ਲਈ ਭਰਤੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ|

Leave a Reply

Your email address will not be published. Required fields are marked *