ਸਿੰਘੂ ਬਾਰਡਰ ਤੋਂ ਵਾਪਸ ਪਰਤੇ ਕਿਸਾਨ ਦੀ ਮੌਤ

ਕੁਰਾਲੀ, 22 ਜਨਵਰੀ (ਸ.ਬ.) ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇਲਾਕੇ ਦੇ ਘਾੜ ਖੇਤਰ ਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਖੈਰਪੁਰ ਵਾਸੀ ਸੁਖਵਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਹਰਿੰਦਰ ਸਿੰਘ ਉਰਫ਼ ਗੋਲਾ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਸਿੰਘੂ ਬਾਰਡਰ ਦਿੱਲੀ ਵਿਖੇ ਗਿਆ ਸੀ।

ਉੱਥੇ ਕੁੱਝ ਦਿਨਾਂ ਬਾਅਦ ਸਿਹਤ ਵਿਗੜਨ ਉੱਤੇ ਕਿਸਾਨ ਪ੍ਰਬੰਧਕਾਂ ਨੇ ਉਸਨੂੰ ਘਰ ਭੇਜ ਦਿੱਤਾ ਪਰ ਰਸਤੇ ਵਿੱਚ ਸਿਹਤ ਵਧੇਰੇ ਵਿਗੜਨ ਕਾਰਨ ਉਸਨੂੰ ਬਨੂੰੜ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ 2 ਦਿਨ ਰਹਿਣ ਤੋਂ ਬਾਅਦ ਪਰਿਵਾਰ ਉਸਨੂੰ ਘਰ ਲੈ ਆਇਆ।

ਘਰ ਆ ਕੇ ਕਿਸਾਨ ਦੀ ਸਿਹਤ ਮੁੜ ਵਿਗੜ ਗਈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਮੌਕੇ ਲੋਕ ਹਿੱਤ ਮਿਸ਼ਨ ਟੋਲ ਪਲਾਜ਼ਾ ਬੜੌਦੀ ਦੇ ਮੈਂਬਰਾਂ ਅਤੇ ਇਲਾਕੇ ਦੀ ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੰਦੋਲਨ ਦੌਰਾਨ ਹੋਈ ਕਿਸਾਨ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜਥੇਬੰਦੀਆਂ ਤੋਂ ਕਿਸਾਨ ਦੇ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *