ਸਿੰਘ ਸਭਾ ਪੰਜਾਬ ਵੱਲੋਂ ਸ਼ਰਾਬਬੰਦੀ ਮੁਹਿੰਮ ਤਹਿਤ ਪ੍ਰਦਰਸ਼ਨ 21 ਜਨਵਰੀ ਨੂੰ

ਐਸ.ਏ.ਐਸ.ਨਗਰ, 19 ਜਨਵਰੀ (ਸ.ਬ.) ਸਿੰਘ ਸਭਾ ਪੰਜਾਬ ਦੀ ਅੱਜ ਇੱਥੇ ਹੋਈ ਇੱਕ ਮੀਟਿੰਗ ਦੌਰਾਨ ਦੇਸ਼ ਵਿਆਪੀ ਸ਼ਰਾਬਬੰਦੀ ਮੁਹਿੰਮ ਦੇ ਤਹਿਤ ਸਿੰਘ ਸਭਾ ਪੰਜਾਬ ਜਨਤਾ ਦਲ ਯੁਨਾਇਟਿਡ ਦੇ ਮੁੱਖੀ ਸ੍ਰੀ ਨਿਤੀਸ਼ ਕੁਮਾਰ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ| ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ  21 ਜਨਵਰੀ ਨੂੰ ਦੇਸ਼ ਪੱਧਰ ਤੇ ਕਰੀਬ 2 ਕਰੋੜ ਲੋਕਾਂ ਵੱਲੋਂ ਬਣਾਈ ਜਾ ਰਹੀ ਮਨੁੱਖੀ ਕੜੀ ਦੇ ਹਿੱਸੇ ਵੱਜੋਂ ਸਿੰਘ ਸਭਾ ਪੰਜਾਬ ਵੱਲੋਂ ਨਗਰ ਦੇ ਫੇਜ਼-8 ਦੇ ਚੌਂਕ ਵਿੱਚ ਦੁਪਹਿਰ 2.30 ਵਜੇ ਪ੍ਰਦਰਸ਼ਨ ਕੀਤਾ ਜਾਵੇਗਾ|
ਸ਼੍ਰੋਮਣੀ ਕਮੇਟੀ ਦੇ ਆਜ਼ਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਸ੍ਰ. ਹਰਦੀਪ ਸਿੰਘ ਨੇ ਦੱਸਿਆ ਕਿ ਸਿੰਘ ਸਭਾ ਪੰਜਾਬ ਪਹਿਲਾਂ ਤੋਂ ਹੀ ਪੰਜਾਬ ਵਿੱਚ ਨਸ਼ਾਬੰਦੀ ਦੇ ਪਹਿਲੇ ਕਦਮ ਵੱਜੋਂ ਸ਼ਰਾਬ ਬੰਦੀ ਕਰਨ ਲਈ ਮੁਹਿੰਮ ਚਲਾ ਰਹੀ ਹੈ ਜਿਸ ਦਾ ਵੱਖ-ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਵਿਸ਼ੇਸ਼ਕਰ ਬੀਬੀਆਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ|
ਉਹਨਾਂ ਦੱਸਿਆ ਕਿ ਸਿੰਘ ਸਭਾ ਪੰਜਾਬ ਨੇ ਰਾਜਸੀ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਸ਼ਰਾਬ ਬੰਦੀ, ਪੰਜਾਬੀ ਨੌਜੁਆਨਾਂ ਨੂੰ ਗੈਰ ਸਰਕਾਰੀ ਅਦਾਰਿਆਂ ਤੇ ਕੰਪਨੀਆਂ ਵਿੱਚ 85 ਫੀਸਦੀ ਨੌਕਰੀਆਂ ਰਾਖਵੀਆਂ ਕਰਨ ਅਤੇ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਦੇ ਮਾਮਲੇ ਸ਼ਾਮਲ ਕਰਨ ਦੀ ਅਪੀਲ ਕੀਤੀ ਹੋਈ ਹੈ| ਹਾਲਾਂਕਿ ਕੁਝ ਪਾਰਟੀਆਂ ਟੇਡੇਮੇਡੇ ਢੰਗ ਨਾਲ ਇਨ੍ਹਾਂ ਮਸਲਿਆਂ ਤੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਠੋਸ ਕਦਮ ਚੁੱਕਣ ਤੋਂ ਕੰਨੀ ਕਤਰਾ ਰਹੀਆਂ ਹਨ|
ਉਹਨਾਂ ਕਿਹਾ ਕਿ ਪੁਰਾਣੀਆਂ ਦੇ ਨਾਲ-ਨਾਲ ਬਦਲਾਅ ਦਾ ਨਾਅਰਾ ਦੇਣ ਵਾਲੀਆਂ ਨਵੀਆਂ ਪਾਰਟੀਆਂ ਵੱਲੋਂ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਸਰੋਕਾਰਾਂ ਨਾਲ ਜੁੜੇ ਇਨ੍ਹਾਂ ਗੰਭੀਰ ਮੁੱਦਿਆਂ ਬਾਰੇ ਹਾਂ ਪੱਖੀ ਰੁਖ ਨਾ ਅਪਨਾਉਣਾ ਮਾੜੀ ਗੱਲ ਹੈ| ਸਿੰਘ ਸਭਾ ਪੰਜਾਬ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ   ਜੇਕਰ ਰਾਜਸੀ ਪਾਰਟੀਆਂ 21 ਫਰਵਰੀ ਤੱਕ ਇਨ੍ਹਾਂ ਤਿੰਨ ਮੁੱਦਿਆ ਬਾਰੇ ਆਪਣਾ ਸਟੈਂਡ ਸਪਸ਼ਟ ਨਹੀਂ ਕਰਦੀਆਂ ਤਾਂ ਲੋਕ ਪਾਰਟੀਆਂ ਨੂੰ ਨਕਾਰ ਕੇ ਉਮੀਦਵਾਰਾਂ ਦੇ ਗੁਣਾਂ ਤੇ ਸਹਿਚਾਰ ਦੇ ਅਧਾਰ ਤੇ ਵੋਟਾਂ ਪਾਉਣ| ਮੀਟਿੰਗ ਵਿੱਚ ਸ੍ਰ. ਸੁਖਪਾਲ ਸਿੰਘ, ਸ੍ਰ. ਪਰਮਜੀਤ ਸਿੰਘ, ਸ੍ਰ. ਬਲਦੇਵ ਸਿੰਘ, ਸ੍ਰ. ਮਹਿੰਦਰ ਸਿੰਘ ਠੇਕੇਦਾਰ, ਸ੍ਰ. ਅਰਵਿੰਦਰ ਸਿੰਘ, ਸ੍ਰ. ਜਸਪਾਲ ਸਿੰਘ, ਸ੍ਰ. ਮਦਨਜੀਤ ਸਿੰਘ, ਸ੍ਰ. ਕੰਵਰ ਹਰਬੀਰ ਸਿੰਘ, ਸ੍ਰ. ਗੁਰਮੁਖ ਸਿੰਘ, ਸ੍ਰ. ਮਹਿੰਦਰ ਸਿੰਘ ਕਾਨਪੁਰੀ, ਸ੍ਰ. ਚਰਨ ਸਿੰਘ ਅਤੇ ਸ੍ਰ. ਸਰਦੂਲ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *