ਸਿੱਖਾਂ ਦੀ ਪਛਾਣ ਲਈ ਵਿੱਢੀ ਮੁਹਿੰਮ ਸ਼ਲਾਘਾਯੋਗ

ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਸਮੇਤ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵੱਲੋਂ ਆਪਣੀ ਵੱਖਰੀ ਪਛਾਣ ਦਰਸ਼ਾਉਣ ਲਈ ਦਸਤਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ| ਇਸ ਮੁਹਿੰਮ ਤਹਿਤ ਸਿੱਖਾਂ ਵੱਲੋਂ ਖੁਦ ਵੀ ਦਸਤਾਰਾਂ ਬੰਨਣ ਦੇ ਨਾਲ ਨਾਲ ਗੋਰਿਆਂ ਅਤੇ ਹੋਰ ਨਸਲਾਂ ਦੇ ਲੋਕਾਂ ਨੂੰ ਵੀ ਦਸਤਾਰਾਂ ਬੰਨ ਕੇ ਸਿੱਖ ਧਰਮ ਅਤੇ ਪੰਜਾਬ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ| ਇਸ ਤਰ੍ਹਾਂ ਪੂਰੀ ਦੁਨੀਆਂ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਵੱਖਰੀ ਪਹਿਚਾਣ ਦੱਸਣ ਲਈ ਪਰਵਾਸੀ ਪੰਜਾਬੀ ਸਿੱਖਾਂ ਵਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ| ਇਸ ਮੁਹਿੰਮ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ| ਇਸ ਨਾਲ ਪੂਰੀ ਦੁਨੀਆਂ ਵਿੱਚ ਸਿੱਖਾਂ ਬਾਰੇ ਜਾਣਕਾਰੀ ਦਾ ਪਸਾਰ ਹੋ ਰਿਹਾ ਹੈ| ਇਸ ਮੁਹਿੰਮ ਤਹਿਤ ਬੰਨੀਆਂ ਜਾ ਰਹੀਆਂ ਦਸਤਾਰਾਂ ਦੀਆਂ ਤਸਵੀਰਾਂ ਅਤੇ ਖਬਰਾਂ ਪੂਰੀ ਦੁਨੀਆਂ ਦੇ ਅਖਬਾਰਾਂ ਅਤੇ ਟੀ ਵੀ ਚੈਨਲਾਂ ਉਪਰ ਆ ਰਹੀਆਂ ਹਨ ਜਿਸ ਕਰਕੇ ਪੂਰੀ ਦੁਨੀਆਂ ਨੂੰ ਦਸਤਾਰ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਰਹੀ ਹੈ|
ਦਸਤਾਰ ਗੁਰੂ ਸਾਹਿਬ ਵਲੋਂ ਸਾਨੂੰ ਬਖਸ਼ਿਸ਼ ਕੀਤਾ ਗਿਆ ਤਾਜ ਅਤੇ ਸਰਦਾਰੀ ਹੈ| ਪਹਿਲਾਂ ਸਿਰਫ ਅਮੀਰ ਅਤੇ ਜਾਗੀਰਦਾਰ ਲੋਕ ਹੀ ਦਸਤਾਰਾਂ ਬੰਨਦੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਆਮ ਲੋਕਾਂ ਦੇ ਸਿਰ ਵੀ ਦਸਤਾਰਾਂ ਸਜਾ ਦਿਤੀਆਂ ਸਨ| ਇਸ ਤਰ੍ਹਾਂ ਗੁਰੂ ਜੀ ਨੇ ਨਿਮਾਣਿਆਂ ਨੂੰ ਮਾਣ ਬਖਸਿਆ ਸੀ| ਹਾਲਾਂਕਿ ਇਹ ਵੀ ਇੱਕ ਹਕੀਕਤ ਹੈ ਕਿ ਸਿੱਖਾਂ ਦਾ ਘਰ ਕਹੇ ਜਾਂਦੇ ਪੰਜਾਬ ਵਿੱਚ ਦਸਤਾਰਾਂ ਬੰਨਣ ਵਾਲੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ| ਅੱਜ ਪੰਜਾਬ ਵਿੱਚ ਵੀ ਵੱਡੀ ਗਿਣਤੀ ਨੌਜਵਾਨ ਦਸਤਾਰ ਤੋਂ ਦੂਰ ਹੋ ਗਏ ਹਨ| ਭਾਵੇਂ ਵੱਖ ਵੱਖ ਸਿੱਖ ਧਾਰਮਿਕ ਸੰਤ ਅਤੇ ਡੇਰਿਆਂ ਵਾਲੇ ਬਾਬੇ ਵੱਖ ਵੱਖ ਥਾਵਾਂ ਉਪਰ ਹੁੰਦੇ ਆਪਣੇ ਸਮਾਗਮਾਂ ਵਿੱਚ ਹੁਣ ਤੱਕ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਕੇ ਆਪਣੀ ਵਡਿਆਈ ਕਰਦੇ ਨਹੀਂ ਥੱਕਦੇ, ਪਰ ਇਹਨਾਂ ਬਾਬਿਆਂ ਕੋਲੋਂ ਅੰਮ੍ਰਿਤ ਛਕੇ ਹੋਏ ਇਹ ਲੱਖਾਂ ਲੋਕ ਕਿਹੜੇ ਪੰਜਾਬ ਵਿੱਚ ਜਾਂ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਰਹਿੰਦੇ ਹਨ ਇਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਚਲਦਾ| ਪੰਜਾਬ ਵਿੱਚ ਭਾਵੇਂ ਵੱਡੀ ਗਿਣਤੀ ਸਿੱਖ ਅੰਮ੍ਰਿਤਧਾਰੀ ਹਨ ਅਤੇ ਪੂਰੀ ਰਹਿਤ ਮਰਿਆਦਾ ਅਨੁਸਾਰ ਰਹਿੰਦੇ ਵੀ ਹਨ ਪਰੰਤੂ ਇਹਨਾਂ ਸਿੱਖਾਂ ਦੀ ਗਿਣਤੀ ਅਤੇ ਸਿੱਖ ਧਾਰਮਿਕ ਬਾਬਿਆਂ ਵਲੋਂ ਅੰਮ੍ਰਿਤ ਛਕਾਏ ਗਏ ਲੋਕਾਂ ਦੀ ਦੱਸੀ ਜਾਂਦੀ ਗਿਣਤੀ ਵਿੱਚ ਬਹੁਤ ਅੰਤਰ ਹੈ|
ਪੁਰਾਣੇ ਸਮਿਆਂ ਵੇਲੇ ਹਰ ਧਰਮ ਦੇ ਲੋਕ ਆਪਣੇ ਸਿਰਾਂ ਉਪਰ ਦਸਤਾਰਾਂ ਸਜਾਉਂਦੇ ਹੁੰਦੇ ਸਨ ਅਤੇ ਆਪਣੇ ਸਿਰ ਉਪਰ ਦਸਤਾਰ ਸਜਾਉਣ ਨੂੰ ਆਪਣੀ ਇਜੱਤ ਅਤੇ ਸ਼ਾਨ ਸਮਝਦੇ ਸਨ| ਉਸ ਸਮੇਂ ਵੱਡੀ ਗਿਣਤੀ ਲੋਕ ਦਸਤਾਰ ਤੋਂ ਬਿਨਾਂ ਆਪਣੇ ਘਰਾਂ ਵਿਚੋਂ ਬਾਹਰ ਤਕ ਨਹੀਂ ਨਿਕਲਦੇ ਸੇ| ਫਿਰ ਹੌਲੀ ਹੌਲੀ ਦੂਜੇ ਧਰਮਾਂ ਦੇ ਲੋਕਾਂ ਵਲੋਂ ਦਸਤਾਰ ਬੰਨਣ ਦਾ ਰੁਝਾਨ ਘਟਦਾ ਗਿਆ| ਹੁਣ ਤਾਂ ਹਾਲ ਇਹ ਹੈ ਕਿ ਵੱਡੀ ਗਿਣਤੀ ਸਿੱਖ ਨੌਜਵਾਨ ਵੀ ਦਸਤਾਰ ਤੋਂ ਦੂਰ ਹੋ ਗਏ ਹਨ ਅਤੇ ਕੇਸਾਧਾਰੀ ਸਿੱਖ ਬਣਨ ਦੀ ਥਾਂ ਮੋਨੇ ਹੋ ਗਏ ਹਨ| ਉਹਨਾਂ ਸਿੱਖਾਂ ਦੀ ਵੀ ਵੱਡੀ ਗਿਣਤੀ ਹੈ ਜਿਹਨਾਂ ਨੇ ਦਸਤਾਰਾਂ ਬੰਨੀਆਂ ਹੁੰਦੀਆਂ ਹਨ ਪਰ ਸਿਰ ਦੇ ਕੇਸ ਵੀ ਕਟਾਏ ਹੁੰਦੇ ਹਨ ਅਤੇ ਦਾੜੀ ਵੀ ਕਟਾਈ ਹੁੰਦੀ ਹੈ|
ਅੱਜ ਦੇ ਸਮੇਂ ਵਿੱਚ ਸਿੱਖਾਂ ਉਪਰ ਵੱਖ ਵੱਖ ਦੇਸ਼ਾਂ ਵਿੱਚ ਕਿਸੇ ਹੋਰ ਧਰਮ ਦੇ ਅਨੁਯਾਈ ਹੋਣ ਦੇ ਭੁਲੇਖੇ ਪੈ ਜਾਣ ਕਰਕੇ ਉਹਨਾਂ ਉਪਰ ਨਸਲੀ ਹਮਲੇ ਹੋ ਰਹੇ ਹਨ| ਅਜਿਹਾ ਦੂਸਰੇ ਦੇਸ਼ਾਂ ਦੇ ਲੋਕਾਂ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਨਾ ਹੋਣਾ ਵੀ ਮੰਨਿਆ ਜਾਂਦਾ ਹੈ| ਅਕਸਰ ਹੀ ਦਸਤਾਰੀ ਸਿੱਖਾਂ ਨੂੰ ਵੱਖ ਵੱਖ ਦੇਸ਼ਾਂ ਵਿੱਚ ਅਫਗਾਨੀ, ਯਹੂਦੀ ਅਤੇ ਮੁਸਲਮਾਨ ਸਮਝ ਲਿਆ ਜਾਂਦਾ ਹੈ, ਜਿਸ ਕਰਕੇ ਉਹਨਾਂ ਦੇਸ਼ਾਂ ਦੇ ਗੋਰੇ ਲੋਕ ਇਹਨਾਂ ਸਿੱਖਾਂ ਉਪਰ ਪਛਾਣ ਦਾ ਭੁਲੇਖਾ ਪੈ ਜਾਣ ਕਾਰਨ ਨਸਲੀ ਟਿੱਪਣੀਆਂ ਦੇ ਨਾਲ ਨਾਲ ਨਸਲੀ ਹਮਲਾ ਵੀ ਕਰ ਦਿੰਦੇ ਹਨ|
ਪ੍ਰਵਾਸੀ ਸਿੱਖਾਂ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨਾਲ ਹਜਾਰਾਂ ਕਰੋੜ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਉਪਰ ਵੀ ਸਵਾਲ ਉਠਦੇ ਹਨ| ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ| ਸ਼੍ਰੋਮਣੀ ਕਮੇਟੀ ਦਾ ਹਾਲ ਤਾਂ ਇਹ ਹੈ ਕਿ ਇਸਦੇ ਪ੍ਰਧਾਨ ਦੀ ਤਬਦੀਲੀ ਨਾਲ ਸੰਸਥਾ ਦੇ ਮੁਲਾਜਮਾਂ ਦੀ ਵੀ ਤਬਦੀਲੀ ਹੋ ਜਾਂਦੀ ਹੈ ਜਿਸ ਕਰਕੇ ਧਰਮ ਪ੍ਰਚਾਰ ਦਾ ਕੰਮ ਪ੍ਰਭਾਵਿਤ ਹੁੰਦਾ ਹੈ| ਪਰਵਾਸੀ ਸਿੱਖਾਂ ਵਲੋਂ ਦੁਨੀਆਂ ਭਰ ਦੇ ਲੋਕਾਂ ਨੂੰ ਦਸਤਾਰ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੀ ਮੁਹਿੰਮ ਸ਼ੁਰੂ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ| ਚਾਹੀਦਾ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਸੰਸਥਾਵਾਂ ਇਸ ਮੁਹਿੰਮ ਨੂੰ ਆਪਣਾ ਸਮਰਥਣ ਦੇਣ ਅਤੇ ਇਸ ਮੁਹਿੰਮ ਨੂੰ ਪੰਜਾਬ ਵਿੱਚ ਵੀ ਵੱਡੇ ਪੱਧਰ ਉਪਰ ਫੈਲਾਇਆ ਜਾਵੇ|

Leave a Reply

Your email address will not be published. Required fields are marked *