ਸਿੱਖਿਆ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਠੋਸ ਉਪਰਾਲੇ ਕਰੇ ਸਰਕਾਰ

ਕਿਸੇ ਵੀ ਦੇਸ਼ ਦੇ ਵਿਕਸਿਤ ਹੋਣ ਪਿੱਛੇ ਉਥੋਂ ਦੇ ਸਿੱਖਿਆ ਢਾਂਚੇ ਦਾ ਅਹਿਮ ਰੋਲ ਹੁੰਦਾ ਹੈ| ਇਸ ਗੱਲ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਹੈ ਕਿ ਮਜ਼ਬੂਤ ਸਿੱਖਿਆ ਪ੍ਰਣਾਲੀ ਹੀ ਦੇਸ਼ ਦੀ ਉਨਤੀ ਦਾ ਅਧਾਰ ਹੁੰਦੀ ਹੈ| ਬੱਚਿਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਨਾ ਹੋਣ ਸਦਕਾ ਅਰਾਜਕਤਾ ਫੈਲਣ ਤੋਂ ਇਲਾਵਾ ਹੋਰ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਕਿ ਸਮਾਜ ਦੇ ਲਈ ਵਿਨਾਸ਼ਕਾਰੀ ਹੁੰਦੀਆਂ ਹਨ| ਜਿੱਥੋਂ ਤੱਕ ਸਾਡੇ ਪੰਜਾਬ ਸੂਬੇ ਦੀ ਸਿੱਖਿਆ ਪ੍ਰਣਾਲੀ ਦਾ ਸਵਾਲ ਹੈ ਤਾਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕਈ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ| ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਪਹਿਲੀ ਸ਼੍ਰੇਣੀ ਤੋਂ ਲੈ ਕੇ ਬਾਰਵੀਂ ਸ਼੍ਰੇਣੀ ਤੱਕ ਵੱਖ ਵੱਖ ਵਿਸ਼ਿਆਂ ਦੇ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਸ਼ੁਰੂ ਕੀਤਾ ਜਾ ਚੁੱਕਾ ਹੈ| ਇਸ ਅਧੀਨ ਬੱਚਿਆਂ ਨੂੰ ਉਹਨਾਂ ਦੇ ਪੱਧਰ ਦੇ ਅਨੁਸਾਰ ਸਿੱਖਿਆ ਦਿੱਤੀ ਜਾ ਰਹੀ ਹੈ| ਇਸ ਪ੍ਰੋਜੈਕਟ ਦੀ ਦੇਖ ਰੇਖ ਸਕੱਤਰ, ਸਿੱਖਿਆ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਕੁਸ਼ਲਤਾਪੂਰਵਕ ਕਰ ਰਹੇ ਹਨ| ਕਿਸੇ ਵੀ ਨਵੇਂ ਪ੍ਰੋਗਰਾਮ ਦੇ ਵਧੀਆ ਨਤੀਜੇ ਲਿਆਉਣ ਵਿੱਚ ਥੋੜ੍ਹਾ ਸਮਾਂ ਤਾਂ ਲੱਗਦਾ ਹੀ ਹੈ ਪਰ ਮਹਿਕਮਾਂ ਆਪਣੀਆਂ ਕੋਸ਼ਿਸਾਂ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ ਇਹ ਕਾਬਿਲ ਏ ਤਾਰੀਫ ਹੈ| ਹੁਣ ਵਿਭਾਗ ਨੇ ਬੱਚਿਆਂ ਅੰਦਰੋਂ ਔਖੇ ਵਿਸ਼ਿਆਂ ਦਾ ਡਰ ਕੱਢਣ ਦੇ ਲਈ ਈ ਕੰਨਟੈਟ ਨੂੰ ਸਿੱਖਿਆ ਦੇਣ ਦੇ ਲਈ ਅਪਣਾਉਣ ਦਾ ਉਪਰਾਲਾ ਕੀਤਾ ਹੈ| ਸਧਾਰਨ ਭਾਸ਼ਾ ਵਿੱਚ ਈ ਕੰਨਟੈਟ ਤੋਂ ਭਾਵ ਬੱਚਿਆਂ ਨੂੰ ਇਲੈਕਟ੍ਰੋਨਿਕ ਤਕਨੀਕ ਦੁਆਰਾ ਸਿਲੇਬਸ ਸਬੰਧੀ ਸਿੱਖਿਅਤ ਕਰਨਾ ਹੈ| ਅਧਿਆਪਕਾਂ ਨੂੰ ਇਸ ਬਾਬਤ ਲਿੰਕ ਦੇ ਕੇ ਟ੍ਰੇਨਿੰਗ ਸੈਮੀਨਾਰਾਂ ਦੌਰਾਨ ਦਿੱਤੀ ਜਾ ਚੁੱਕੀ ਹੈ| ਇਸ ਲਿੰਕ ਨੂੰ ਓਪਨ ਕਰਨ ਲਈ ਸ਼੍ਰੇਣੀ, ਵਿਸ਼ਾ, ਪਾਠ ਦੀ ਆਪਸ਼ਨ ਆਉਂਦੀ ਹੈ| ਜਿਸਨੂੰ ਸਿਲੈਕਟ ਕਰਕੇ ਬੱਚਿਆਂ ਨੂੰ ਜਮਾਤ ਵਿੱਚ ਵੀਡੀਓ ਦਿਖਾਈ ਜਾਂਦੀ ਹੈ| ਵਿਦਿਆਰਥੀਆਂ ਦੇ ਅੰਦਰ ਵਿਸ਼ਿਆਂ ਪ੍ਰਤੀ ਰੁਚੀ ਵਧ ਰਹੀ ਹੈ| ਸ਼ੁਰੂਆਤੀ ਦੌਰ ਹੋਣ ਕਰਕੇ ਹਾਲੇ ਸਾਰੇ ਪਾਠਾਂ ਦੀਆਂ ਵੀਡਿਓਜ਼ ਅੱਪਲੋਡ ਨਹੀਂ ਕੀਤੀਆਂ ਗਈਆਂ ਹਨ| ਅਪਰ ਪ੍ਰਾਇਮਰੀ ਸਕੂਲਾਂ ਦੇ ਛੇ ਵਿਸ਼ੇ ਵਿਗਿਆਨ, ਸਮਾਜਿਕ ਸਿੱਖਿਆ, ਗਣਿਤ, ਪੰਜਾਬੀ, ਅੰਗਰੇਜ਼ੀ, ਹਿੰਦੀ ਆਦਿ ਵਿਸ਼ਿਆਂ ਨੂੰ ਈ ਕੰਨਟੈਟ ਦੇ ਨਾਲ ਜੋੜਿਆ ਹੈ| ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਵਿੱਚ ਈ ਕੰਨਟੈਟ ਉਪਰ ਤੇਜ਼ੀ ਨਾਲ ਸਟੇਟ ਕੋਆਰਡੀਨੇਟਰ ਸ੍ਰੀਮਤੀ ਹਰਪ੍ਰੀਤ ਕੌਰ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਨ| ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਅੰਦਰ ਇਸਨੂੰ ਲੈ ਕੇ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ|
ਪ੍ਰਾਈਵੇਟ ਸਕੂਲਾਂ ਦੇ ਲਈ ਇਲੈਕਟ੍ਰੋਨਿਕ ਕੰਨਟੈਟ ਕੋਈ ਨਵਾਂ ਨਾਮ ਨਹੀਂ ਹੈ| ਇਹਨਾਂ ਸਕੂਲਾਂ ਦੇ ਵਿੱਚ ਇਸਦੀ ਵਰਤੋਂ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਢੰਗ ਨਾਲ ਕੀਤੀ ਜਾ ਰਹੀ ਹੈ ਪਰ ਇਸ ਬਦਲੇ ਬੱਚਿਆਂ ਤੋਂ ਮੋਟੀਆਂ ਫੀਸਾਂ ਵੀ ਬਟੋਰੀਆਂ ਜਾਂਦੀਆਂ ਹਨ ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਈ ਕੰਨਟੈਟ ਦੇ ਲਈ ਕੋਈ ਵਾਧੂ ਫੰਡ ਨਹੀਂ ਲਿਆ ਜਾ ਰਿਹਾ ਹੈ| ਈ ਕੰਨਟੈਟ ਦੀ ਮੁੱਖ ਵਿਸ਼ੇਸਤਾ ਹੈ ਕਿ ਸਾਰੀਆਂ ਵੀਡਿਓਜ਼ ਐਨੀਮੇਟਿਡ ਹਨ ਜੋ ਕਿ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ| ਬੱਚੇ ਬੜੇ ਹੀ ਚਾਅ ਦੇ ਨਾਲ ਦੇਖ ਕੇ ਸਿੱਖਦੇ ਹਨ| ਥੋੜ੍ਹੇ ਸਮੇਂ ਵਿੱਚ ਹੀ ਮੁਸ਼ਕਿਲ ਸ਼ਬਦਾਂ ਦੇ ਅਰਥ ਅਤੇ ਪਾਠ ਦੀ ਕਹਾਣੀ ਸਮਝ ਆ ਜਾਂਦੀ ਹੈ| ਅਧਿਆਪਕ ਵੀਡਿਓ ਨੂੰ ਆਪਣੀ ਇੱਛਾ ਅਨੁਸਾਰ ਰੋਕ ਕੇ ਬੱਚਿਆਂ ਨੂੰ ਪਿਕਚਰ ਦਿਖਾਕੇ ਵਿਸ਼ੇ ਨੂੰ ਸਪੱਸ਼ਟ ਕਰ ਸਕਦਾ ਹੈ ਜਦਕਿ ਕਲਾਸ ਵਿੱਚ ਪਾਠ ਪੜ੍ਹਾਉਣ ਵੇਲੇ ਅਜਿਹਾ ਕੁੱਝ ਨਹੀਂ ਹੁੰਦਾ ਹੈ| ਇਸ ਤਰ੍ਹਾਂ ਪ੍ਰਾਪਤ ਕੀਤਾ ਗਿਆ ਗਿਆਨ ਚਿਰ ਸਥਾਈ ਹੁੰਦਾ ਹੈ ਅਤੇ ਰੱਟੇ ਦੀ ਪ੍ਰਵਿਰਤੀ ਦਾ ਨਾਸ਼ ਹੁੰਦਾ ਹੈ| ਬੱਚੇ ਆਪਣੇ ਸ਼ੰਕਿਆਂ ਨੂੰ ਪ੍ਰਸ਼ਨ ਕਰਕੇ ਦੂਰ ਕਰ ਲੈਦੇ ਹਨ| ਕਲਾਸ ਵਿੱਚ ਸਿੱਖਣ ਅਤੇ ਸਿਖਾਉਂਣ ਦਾ ਮਾਹੌਲ ਉਤਪੰਨ ਹੁੰਦਾ ਹੈ ਜੋ ਕਿ ਬੜਾ ਹੀ ਜਰੂਰੀ ਹੁੰਦਾ ਹੈ| ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਕਲਾਸ ਵਿੱਚ ਅਕਸਰ ਸੁਸਤ ਰਹਿਣ ਵਾਲੇ ਬੱਚੇ ਵੀ ਇਸ ਤਕਨੀਕ ਰਾਹੀਂ ਚੁਸਤ ਹੋ ਜਾਂਦੇ ਹਨ| ਅਸੀਂ ਜਾਣਦੇ ਹਾਂ ਕਿ ਅੱਜ ਦਾ ਜਮਾਨਾ ਇੰਟਰਨੈਟ ਦਾ ਹੈ| ਗਰੀਬ ਹੋਣ ਦੇ ਬਾਵਜੂਦ ਹਰ ਘਰ ਵਿੱਚ ਸਮਾਰਟ ਫੋਨ ਉਪਲਬਧ ਹਨ ਕਿਉਂ ਜੋ ਇਹ ਮਨੁੱਖੀ ਲੋੜ ਬਣ ਚੁੱਕੇ ਹਨ| ਬੱਚੇ ਨੂੰ ਇਲੈਕਟ੍ਰੋਨਿਕ ਕੰਨਟੈਟ ਬਾਬਤ ਜਾਣਕਾਰੀ ਦੇ ਕੇ ਬੱਚਿਆਂ ਨੂੰ ਘਰਾਂ ਵਿੱਚ ਵੀਡਿਓਜ਼ ਨੂੰ ਦੇਖਣ ਲਈ ਕਿਹਾ ਜਾ ਸਕਦਾ ਹੈ| ਇਸ ਤਰ੍ਹਾਂ ਅਧਿਆਪਕ ਵਰਗ ਵੀ ਬੱਚਿਆਂ ਨੂੰ ਹੋਰ ਸਿਖਾਉਂਣ ਦੇ ਲਈ ਉਤਸ਼ਾਹਿਤ ਹੋਵੇਗਾ| ਸਰਕਾਰੀ ਸਕੂਲਾਂ ਦੇ ਵਿੱਚ ਇਸ ਤਕਨੀਕ ਦੇ ਸਹੀ ਤਰ੍ਹਾਂ ਲਾਗੂ ਹੋ ਜਾਣ ਨਾਲ ਲੋਕਾਂ ਦਾ ਪ੍ਰਾਈਵੇਟ ਸਕੂਲਾਂ ਨਾਲੋਂ ਮੋਹ ਭੰਗ ਹੋਵੇਗਾ| ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਇਜ਼ਾਫਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ|
ਈ ਕੰਨਟੈਟ ਦਾ ਦਾਇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ| ਦੇਸ਼ ਅੰਦਰ ਬਹੁਤ ਸਾਰੇ ਅਜਿਹੇ ਕੋਰਸ ਹਨ ਜੋ ਕਿ ਵੱਖ ਵੱਖ ਯੂਨੀਵਰਸਿਟੀ, ਸੰਸਥਾਵਾਂ ਵੱਲੋਂ ਈ ਕੰਨਟੈਟ ਰਾਹੀਂ ਸਫਲਤਾਪੂਰਵਕ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਕਲਾਸਾਂ ਅਟੈਂਡ ਨਹੀਂ ਕਰਨੀਆਂ ਪੈਦੀਆਂ ਹਨ| ਸ਼ੁਰੂ ਸ਼ੁਰੂ ਵਿੱਚ ਈ ਕੰਨਟੈਟ ਰਾਹੀਂ ਸਿੱਖਿਆ ਪ੍ਰਦਾਨ ਕਰਦੇ ਸਮੇਂ ਅਧਿਆਪਕਾਂ ਨੂੰ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸਦੀ ਮਹੱਤਤਾ ਨੂੰ ਸਮਝਦੇ ਹੋਏ ਸਮੁੱਚਾ ਅਧਿਆਪਕ ਵਰਗ ਸਹੀ ਯੋਜਨਾਬੰਦੀ ਦੇ ਨਾਲ ਇਹਨਾਂ ਸਮੱਸਿਆਵਾਂ ਨੂੰ ਹੱਲ ਕਰ ਲੈਣਗੇ|
ਅਖੀਰ ਕਿਹਾ ਜਾ ਸਕਦਾ ਹੈ ਕਿ ਇਲੈਕਟ੍ਰੋਨਿਕ ਸਿੱਖਿਆ ਅਜੋਕੇ ਵਿਦਿਆਰਥੀਆਂ ਦੀ ਜਰੂਰਤ ਹੈ| ਸਾਨੂੰ ਬਿਹਤਰ ਨਤੀਜਿਆਂ ਦੇ ਲਈ ਪਰਿਵਰਤਨ ਕਰਨੇ ਹੀ ਪੈਣਗੇ| ਸਿੱਖਿਆ ਦੇ ਖੇਤਰ ਵਿੱਚ ਪੁਰਾਣੀਆਂ ਵਿਧੀਆਂ ਨੂੰ ਹੀ ਅਪਣਾਏ ਰੱਖਣਾ ਵਾਜਬ ਨਹੀਂ ਹੈ| ਇਲੈਕਟ੍ਰੋਨਿਕ ਕੰਨਟੈਟ ਸਿੱਖਿਆ ਵਿਭਾਗ ਦਾ ਇੱਕ ਸਲਾਘਾਯੋਗ ਕਦਮ ਹੈ ਜਿਸਦੇ ਸਾਰਥਿਕ ਸਿੱਟੇ ਨਿਕਲਣਗੇ| ਬੱਚਿਆਂ ਨੂੰ ਗਿਆਨਤਮਕ ਅਤੇ ਗੁਣਾਤਮਕ ਸਿੱਖਿਆ ਦੇਣ ਦੇ ਮਕਸਦ ਨੂੰ ਪੂਰਾ ਕਰਨ ਵਿੱਚ ਈ ਕੰਨਟੈਟ ਮਹੱਤਵਪੂਰਨ ਭੂਮਿਕਾ ਨਿਭਾਏਗਾ|
ਚਮਨਦੀਪ ਸ਼ਰਮਾ

Leave a Reply

Your email address will not be published. Required fields are marked *