ਸਿੱਖਿਆ ਵਿਭਾਗ ਲਈ ਸੰਘਰਸ਼ ਕਰਦੇ 700 ਕੰਪਿਊਟਰ ਅਧਿਆਪਕ ਕਰਨਗੇ ਹੁਣ ਆਰ ਪਾਰ ਦੀ ਲੜਾਈ

ਐਸ ਏ ਐਸ ਨਗਰ, 18 ਅਗਸਤ (ਕੁਲਦੀਪ ਸਿੰਘ) ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਸਮੁਹ ਕੰਪਿਊਟਰ ਅਧਿਆਪਕਾਂ ਵੱਲੋ ਸਿੱਖਿਆ  ਵਿਭਾਗ ਵਿੱਚ ਵੋਕੇਸ਼ਨਲ ਮਾਸਟਰ ਦੇ ਗ੍ਰੇਡ ਨਾਲ ਸ਼ਿਫਟਿੰਗ ਦੀ ਮੰਗ ਨੂੰ ਲੈਕੇ ਚਲ ਰਹੇ ਲੰਬੇ ਸੰਘਰਸ਼ ਨੂੰ ਹੁਣ ਆਰ ਪਾਰ ਦੀ ਲੜਾਈ ਬਣਾਉਣ ਲਈ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ | 11 ਸਾਲਾਂ ਦੇ ਲੰਬੇ ਸੰਘਰਸ਼ ਨੂੰ ਬੂਰ ਨਾ ਪੈਂਦਾ ਦੇਖ 700    ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਵਿੱਚ ਬੇਚੈਨੀ ਦਾ ਆਲਮ ਹੈ ਜਿਸ ਕਾਰਨ ਹੁਣ ਹਜਾਰਾਂ ਪਰਿਵਾਰ ਸਰਕਾਰ ਖਿਲਾਫ ਲਹਿਰ ਚਲਾ ਕੇ ਵੱਡਾ ਸੰਘਰਸ਼ ਕਰਨ ਲਈ ਤਿਆਰ ਹਨ|

ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਨ ਸ਼ਰਮਾ ਅਤੇ ਵਾਇਸ ਪ੍ਰਧਾਨ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਹੋਈ ਕੰਪਿਊਟਰ ਅਧਿਆਪਕ ਯੂਨੀਅਨ ਦੀ ਮੀਟਿੰਗ ਵਿੱਚ ਸਿੱਖਿਆ ਮੰਤਰੀ  ਨੇ ਵਿਭਾਗੀ ਮੁਸ਼ਕਿਲਾਂ ਦਾ ਹੱਲ ਕਰਨ ਦਾ ਤਾਂ ਭਰੋਸਾ ਦਿਵਾਇਆ ਪਰ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਿਫਟਿੰਗ ਲਈ ਕੋਈ ਅਹਿਮ ਫੈਸਲਾ ਨਹੀ ਸੁਣਾਇਆ| ਉਪਰੰਤ ਸਮੂਹ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ ਦੇ ਹਲਕਿਆਂ ਵਿੱਚ ਸਰਕਾਰ ਦਾ ਪਿੱਟ ਸਿਆਪਾ ਕੀਤਾ| ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਫਿਕਸ ਕਰਵਾਉਣ ਦੇ ਵਾਅਦੇ ਨਾਲ ਕੰਪਿਊਟਰ ਅਧਿਆਪਕਾਂ ਨੇ ਧਰਨਾ ਚੁੱਕਿਆ|

ਪ੍ਰੈਸ ਸਕੱਤਰ ਅਮਨਦੀਪ ਸਿੰਘ ਜਲੰਧਰ ਨੇ ਦੱਸਿਆ ਕਿ ਸਮੂਹ ਕੰਪਿਊਟਰ ਅਧਿਆਪਕਾਂ ਵੱਲੋ ਹੁਣ ਮੁੱਖ ਮੰਤਰੀ ਪੰਜਾਬ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਅਪੀਲ ਹੈ ਕਿ ਜਲਦ ਪੈਨਲ ਮੀਟਿੰਗ ਦਾ ਸੱਦਾ ਦੇਣ ਅਤੇ ਪੰਜਾਬ ਭਰ ਵਿੱਚ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾ ਰਹੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ  ਵੋਕੇਸ਼ਨਲ ਮਾਸਟਰ ਦੇ ਗ੍ਰੇਡ ਨਾਲ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ ਜੋ ਕਿ ਪਿਛਲੇ 11 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਤੱਕ ਨੂੰ ਪੜਾ ਰਹੇ ਉੱਚ ਵਿਦਿਆ ਹਾਸਲ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਨਾ ਕਰਨ ਕਾਰਨ ਮੋਜੂਦਾ ਸਰਕਾਰ ਤੋ ਸਮੂਹ ਵਰਗ ਨੂੰ ਕਾਫੀ ਨਿਰਾਸ਼ਾ ਹੈ|

Leave a Reply

Your email address will not be published. Required fields are marked *