ਸਿੱਖਿਆ ਸਕੱਤਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ 9 ਤੇ 10 ਦਸੰਬਰ ਨੂੰ ਹੋਣ ਵਾਲੇ ਦੋ ਰੋਜਾ ਬਾਲ ਮੇਲੇ ਦਾ ਪ੍ਰਾਸਪੈਕਟਸ ਜਾਰੀ

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਪਿਛਲੇ ਅੱਠ ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਰਵਾਏ ਜਾਣ ਵਾਲੇ ਪੰਜਾਬ ਪੱਧਰੀ ਦੋ ਰੋਜਾ ਬਾਲ ਮੇਲੇ ਦਾ ਪ੍ਰਾਸਪੈਕਟਸ ਮੁਹਾਲੀ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵੱਲੋਂ ਜਾਰੀ ਕੀਤਾ ਗਿਆ|
ਉਨ੍ਹਾਂ ਇਸ ਮੌਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਜਾ ਰਹੇ ਇਸ ਬਾਲ ਮੇਲੇ ਨੂੰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਮੇਲਾ ਆਯੋਜਿਕ ਟੀਮ ਦੀ ਹੌਂਸਲਾ ਅਫ਼ਜਾਈ ਵੀ ਕੀਤੀ| ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਮੈਗਜ਼ੀਨ ਦੇ ਸੰਪਾਦਕ ਕੋਮਲ ਸਿੰਘ ਵੀ ਮੌਜ਼ੂਦ ਸਨ| ਇਸ ਮੌਕੇ ਪਹੁੰਚੇ ਸਿੱਖਿਆ ਵਿਕਾਸ ਮੰਚ ਪੰਜਾਬ ਅਤੇ ਬਾਲ ਮੇਲਾ ਆਯੋਜਕ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਨੌਹਰਾ, ਰਾਜੇਸ਼ ਕੁਮਾਰ ਦਾਨੀ, ਸੁਰਜੀਤ ਸਿੰਘ ਲਲੌਛੀ, ਰਮਨਜੀਤ ਸਿੰਘ ਪਟਿਆਲਾ, ਜਤਿੰਦਰਵੀਰ ਸਿੰਘ ਨੇ ਦੱਸਿਆ ਕਿ ਇਹ ਬਾਲ ਮੇਲਾ ਪਟਿਆਲਾ ਜਿਲ੍ਹੇ ਦੇ ਪਿੰਡ ਅਜਨੌਦਾ ਕਲਾ ਵਿਖੇ ਮਿਤੀ 9 ਤੇ 10 ਦਸੰਬਰ 2017 ਨੂੰ ਕਰਵਾਇਆ ਜਾ ਰਿਹਾ ਹੈ| ਇਸ ਮੇਲੇ ਵਿੱਚ ਦੋਵੇਂ ਦਿਨ ਪੰਜਾਬ ਭਰ ਵਿੱਚੋਂ ਲਗਭਗ 200 ਦੇ ਕਰੀਬ ਸਕੂਲਾਂ ਦੇ 2000 ਦੇ ਕਰੀਬ ਬੱਚੇ ਸ਼ਮੂਲੀਅਤ ਕਰਨਗੇ| ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ ਇਸ ਵਾਰ ਇਹ ਬਾਲ ਮੇਲਾ ਸਿੱਖਿਆ ਵਿਕਾਸ ਮੰਚ ਪੰਜਾਬ, ਬਾਲ ਮੇਲਾ ਆਯੋਜਿਤ  ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਅਜਨੌਦਾ ਕਲਾਂ ਦੇ ਵਾਸੀਆਂ ਦੇ ਸਾਂਝੇ ਯਤਨ ਕਰਵਾਇਆ ਜਾਵੇਗਾ| ਉਨ੍ਹਾਂ ਦੱਸਿਆ ਕਿ ਮੇਲੇ ਦੇ ਦੋਵੇਂ ਦਿਨ ਵੱਖ ਵੱਖ 16 ਮੁਕਾਬਲੇ ਕਰਵਾਏ ਜਾਣਗੇ| ਜਿਸ ਵਿੱਚ, ਸੁੰਦਰ ਲਿਖਾਈ, ਮੌਕੇ ਤੇ ਚਿੱਤਰਕਾਰੀ, ਸ਼ਬਦ ਗਾਇਨ, ਕਵਿਤਾ ਉਚਾਰਨ, ਸੋਲੋ ਡਾਂਸ, ਸੋਲੋ ਗੀਤ, ਕਲੇਅ ਮਾਡਲਿੰਗ, ਭੰਗੜਾ, ਗਿੱਧਾ, ਬੈਸਟ ਆਉਟ ਆਫ ਵੇਸਟ, ਕਵਿਸਰੀ, ਚਾਟੀ ਦੌੜ, ਬੋਰੀ ਦੌੜ, ਰੱਸਾ ਕੱਸੀ ਮੁੰਡੇ -ਕੁੜੀਆਂ ਦੇ ਮੁਕਾਬਲੇ ਹੋਣਗੇ|

Leave a Reply

Your email address will not be published. Required fields are marked *