ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਨੇ ਦਿੱਤਾ ਪੁਲੀਸ ਖਿਲਾਫ ਧਰਨੇ ਦਾ ਅਲਟੀਮੇਟਮ

ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਨੇ ਦਿੱਤਾ ਪੁਲੀਸ ਖਿਲਾਫ ਧਰਨੇ ਦਾ ਅਲਟੀਮੇਟਮ
ਸਰਨਾ ਵਿਰੁੱਧ ਦਿੱਤੀ ਸ਼ਿਕਾਇਤ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ
ਐਸ ਏ ਐਸ ਨਗਰ, 18 ਜਨਵਰੀ (ਸ.ਬ.) 1984 ਦੌਰਾਨ ਦਿਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਅਤੇ ਸੁਪਰੀਮ ਕੋਰਟ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਗਵਾਹ ਸ੍ਰ. ਹਰਵਿੰਦਰ ਸਿੰਘ ਕੋਹਲੀ ਵਸਨੀਕ ਡੇਰਾਬਸੀ ਨੇ ਦੋਸ਼ ਲਗਾਇਆ ਹੈ ਕਿ ਮੁਹਾਲੀ ਪੁਲੀਸ ਉਸ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਦੇ ਖਿਲਾਫ ਦਿੱਤੀ ਸ਼ਿਕਾਇਤ ਤੇ ਕਾਰਵਾਈ ਨਹੀਂ ਕਰ ਰਹੀ ਅਤੇ ਜੇਕਰ ਪੁਲੀਸ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਡੀ ਐਸ ਪੀ ਦਫਤਰ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਗੇ|
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਕੋਹਲੀ ਨੇ ਕਿਹਾ ਕਿ ਬੀਤੀ 17 ਦਸੰਬਰ ਨੂੰ ਜਦੋਂ ਹਾਈਕੋਰਟ ਵਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁਧ ਫੈਸਲਾ ਦਿਤਾ ਗਿਆ ਤਾਂ ਉਸ ਤੋਂ ਅਗਲੇ ਦਿਨ ਉਹ ਮੁਹਾਲੀ ਵਿੱਚ ਸਨ , ਮੁਹਾਲੀ ਵਿਖੇ ਉਹਨਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਦਾ ਫੋਨ ਆਇਆ ਅਤੇ ਸ੍ਰ. ਸਰਨਾ ਨੇ ਉਸ ਨਾਲ ਗਾਲੀ ਗਲੋਚ ਕਰਨ ਦੇ ਨਾਲ ਨਾਲ ਧਮਕੀਆਂ ਵੀ ਦਿਤੀਆਂ| ਉਹਨਾਂ ਕਿਹਾ ਕਿ ਉਹਨਾਂ ਨੇ ਇਸਦੀ ਸ਼ਿਕਾਇਤ ਫੇਜ 1 ਥਾਣੇ ਵਿੱਚ ਕੀਤੀ ਸੀ ਪਰ ਪੁਲੀਸ ਨੇ ਇਸ ਸਬੰਧੀ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ| ਉਹਨਾਂ ਕਿਹਾ ਕਿ ਸ੍ਰ. ਸਰਨਾ ਪੰਜਾਬ ਦੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਹਨ, ਇਸ ਕਾਰਨ ਪੁਲੀਸ ਸ੍ਰ. ਸਰਨਾ ਖਿਲਾਫ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ| ਉਹਨਾਂ ਦੱਸਿਆ ਕਿ ਅੱਜ ਉਹਨਾ ਨੇ ਡੀ ਐਸ ਪੀ ਸਿਟੀ ਨੂੰ ਮਿਲ ਕੇ ਸ੍ਰ. ਸਰਨਾ ਵਲੋਂ ਉਹਨਾਂ ਨੂੰ ਫੋਨ ਉਪਰ ਗਾਲੀ ਗਲੋਚ ਕਰਨ ਤੇ ਧਮਕੀਆ ਦੇਣ ਦੀ ਸੀ ਡੀ ਵੀ ਦਿਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ| ਉਹਨਾਂ ਕਿਹਾ ਕਿ ਜੇ ਪੁਲੀਸ ਨੇ ਜਲਦੀ ਸ੍ਰ. ਸਰਨਾ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਡੀ ਐਸ ਪੀ ਦਫਤਰ ਦੇ ਬਾਹਰ ਧਰਨਾ ਦੇਣਗੇ|
ਇਸ ਸਬੰਧੀ ਜਦੋਂ ਡੀ ਐਸ ਪੀ ਸਿਟੀ ਇਮਰੋਜ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ|
ਇਸ ਸਬੰਧੀ ਸੰਪਰਕ ਕਰਨ ਤੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਨਾਲ ਮੁਹਾਲੀ ਪੁਲੀਸ ਨੇ ਸੰਪਰਕ ਕੀਤਾ ਸੀ ਅਤੇ ਉਹਨਾਂ ਨੇ ਪੁਲੀਸ ਨੂੰ ਕਿਹਾ ਸੀ ਕਿ ਜੇ ਉਹਨਾਂ ਖਿਲਾਫ ਪੁਲੀਸ ਕੋਲ ਕੋਈ ਸਬੂਤ ਹਨ ਤਾਂ ਦਸਿਆ ਜਾਵੇ ਨਹੀਂ ਤਾਂ ਉਹਨਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ| ਉਹਨਾਂ ਕਿਹਾ ਕਿ ਉਹਨਾਂ ਨੇ ਸ੍ਰ. ਹਰਵਿੰਦਰ ਸਿੰਘ ਕੋਹਲੀ ਦੀ ਸ਼ਕਲ ਤਕ ਨਹੀਂ ਵੇਖੀ ਤੇ ਨਾ ਹੀ ਇਸ ਵਿਅਕਤੀ ਨੂੰ ਜਾਣਦੇ ਹਨ| ਉਹਨਾਂ ਕਿਹਾ ਕਿ ਕੋਹਲੀ ਨੇ ਇਕ ਟੀ ਵੀ ਚੈਨਲ ਤੇ ਉਹਨਾਂ ਦੇ ਖਿਲਾਫ ਬਿਆਨਬਾਜੀ ਕੀਤੀ ਸੀ ਅਤੇ ਉਸ ਚੈਨਲ ਵਾਲਿਆਂ ਨੇ ਹੀ ਉਹਨਾਂ ਨੂੰ ਕੋਹਲੀ ਦਾ ਫੋਨ ਨੰਬਰ ਦਿਤਾ ਸੀ ਕਿ ਉਹਨਾਂ ਨੇ ਇਸ ਵਿਅਕਤੀ ਤੋਂ ਉਨਾਂ ਬਾਰੇ ਬਿਆਨਬਾਜੀ ਕਰਨ ਬਾਰੇ ਪੁਛਿਆ ਸੀ ਤਾਂ ਗਲਬਾਤ ਦੌਰਾਨ ਇਸ ਵਿਅਕਤੀ ਨੇ ਉਹਨਾਂ ਨੂੰ ਕਾਂਗਰਸ ਦਾ ਝੋਲੀ ਚੁਕ ਕਹਿ ਦਿਤਾ ਸੀ ਜਿਸ ਕਰਕੇ ਇਹਨਾਂ ਨੇ ਵੀ ਕਹਿ ਦਿਤਾ ਸੀ ਕਿ ਜੇ ਇਹ ਗਲ ਹੈ ਤਾਂ ਜਿਥੇ ਮਰਜੀ ਉਹ ਮਿਲ ਲਵੇ| ਉਹਨਾਂ ਕਿਹਾ ਕਿ ਉਹ ਸੀਨੀਅਰ ਸਿਟੀਜਨ ਹਨ, ਉਹਨਾਂ ਨੂੰ ਪੁਲੀਸ ਜਬਰਦਸਤੀ ਨਹੀਂ ਬੁਲਾ ਸਕਦੀ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਹਨਾਂ ਲਈ ਅਦਾਲਤ ਦਾ ਦਰਵਾਜਾ ਖੁਲਾ ਹੈ|

Leave a Reply

Your email address will not be published. Required fields are marked *