ਸਿੱਧੂ ਨੇ ਪੌਦੇ ਲਗਾਏ

ਐਸ ਏ ਐਸ ਨਗਰ, 30 ਅਗਸਤ (ਸ.ਬ.) ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਅੱਜ ਇੰਡਸਟਰੀਅਲ ਏਰੀਆ ਸੈਕਟਰ 82 ਵਿਖੇ, ਇੰਡਸਟਰੀਅਲ ਬਿਜ਼ਨਸ ਓਨਰਜ਼ ਐਸੋਸੀਏਸ਼ਨ ਦੇ ਸੱਦੇ ਤੇ ਬੂਟਾ ਲਗਾ ਕੇ ਪੇੜ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ|
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ. ਬਿਪਨਜੀਤ ਸਿੰਘ ਨੇ ਸ੍ਰ. ਸਿੱਧੂ ਦਾ ਸਵਾਗਤ ਕੀਤਾ| ਸੰਸਥਾ ਦੇ ਜਨ. ਸਕੱਤਰ ਸ੍ਰ. ਕੰਵਰ ਹਰਬੀਰ ਸਿੰਘ ਢੀਂਡਸਾ ਨੇ ਉਹਨਾਂ ਨੂੰ ਐਸੋਸੀਏਸ਼ਨ ਦੀਆਂ ਕੁਝ ਮੰਗਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਵਿਚ ਪ੍ਰਮੁੱਖ ਮੰਗ ਸੈਕਟਰ 82 ਨੂੰ ਐਂਟਰੀ ਦਾ ਸਿੱਧਾ ਰਸਤਾ ਮੁਹਈਆ ਕਰਵਾਉਣ ਦੀ ਸੀ| ਉਹਨਾਂ ਕਿਹਾ ਕਿ ਏਅਰਪੋਰਟ ਰੋਡ ਤੋਂ ਸੈਕਟਰ 82 ਜਾਣ ਲਈ ਇੱਕੋ-ਇੱਕ ਰਸਤਾ ਸੀ ਜੋ ਪਿਛਲੇ ਦਿਨੀ ਗਮਾਡਾ ਵਲੋਂ ਬੰਦ ਕਰ ਦਿੱਤਾ ਗਿਆ| ਇੰਡਸਟਰੀਅਲ ਏਰੀਆ ਨੂੰ ਸਿੱਧਾ ਰਸਤਾ ਨਾ ਮਿਲਣ ਕਰਕੇ ਇਥੋਂ ਦੇ ਉਦਯੋਗਾਂ ਲਈ ਸਮਾਨ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ|
ਸ੍ਰ. ਸਿੱਧੂ ਨੇ ਐਸੋਸੀਏਸ਼ਨ ਨੂੰ ਉਹਨਾਂ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਅਤੇ ਉਦਯੋਗਪਤੀਆਂ ਨੂੰ ਕਿਹਾ ਕਿ ਮੁਹਾਲੀ ਵਿੱਚ ਪਿੱਗਰੀ ਦਾ ਉਦਯੋਗ ਲਗਾਉਣ ਵਿੱਚ ਬਹੁਤ ਵੱਡੀ ਗੁੰਜਾਇਸ਼ ਹੈ| ਪੰਜਾਬ ਸਰਕਾਰ ਵਲੋਂ ਇਸ ਉਦਯੋਗ ਵਾਸਤੇ ਭਾਰੀ ਸਬਸਿਡੀ ਦਾ ਪ੍ਰਾਵਧਾਨ ਹੈ| ਉਹਨਾਂ ਨੇ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਪੇੜ-ਪੌਦੇ ਲਗਾਉਣ ਅਤੇ ਪਾਣੀ ਦੀ ਬਚਤ ਕਰਨ ਲਈ ਪੁਰਜ਼ੋਰ ਅਪੀਲ ਕੀਤੀ| ਉਹਨਾਂ ਕਿਹਾ ਪੇੜ ਲਗਾ ਕੇ ਉਹਨਾਂ ਦੀ 2-3 ਸਾਲ ਸਾਂਭ ਸੰਭਾਲ ਕਰਨ ਦਾ ਵੀ ਸਭ ਨੂੰ ਪ੍ਰਣ ਲੈਣਾ ਚਾਹੀਦਾ ਹੈ|

Leave a Reply

Your email address will not be published. Required fields are marked *