ਸਿੱਧ ਬਾਬਾ ਗੋਪਾਲ ਦਾਸ ਜੀ ਦੀ 60ਵੀਂ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ

ਐਸ ਏ ਐਸ ਨਗਰ, 2 ਫਰਵਰੀ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਅਸਥਾਨ ਸਿੱਧ ਬਾਬਾ ਗੋਪਾਲ ਦਾਸ ਜੀ ਦੇ ਅਸਥਾਨ ਤੇ ਉਨ੍ਹਾ ਦੀ 60ਵੀਂ ਸਾਲਾਨਾ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ| ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਬਰਸੀ ਦੇ ਸਬੰਧ ਵਿੱਚ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਸਵੇਰੇ ਪਾਏ ਗਏ| ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਧਾਰਮਿਕ ਸਮਾਗਮ ਵਿੱਚ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਆਪਣੇ ਪ੍ਰਵਚਨਾਂ ਰਾਹੀਂ ਸਿੱਧ ਬਾਬਾ ਗੋਪਾਲ ਦਾਸ ਦੇ ਪੂਰੇ ਜੀਵਨ ਬ੍ਰਿਤਾਂਤ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣੂੰ ਕਰਾਇਆ| ਇਸ ਤੋਂ ਇਲਾਵਾ ਸ਼ੇਰ ਏ ਪੰਜਾਬ ਢਾਡੀ ਜੱਥਾ, ਭਾਈ ਗੁਰਮੀਤ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਝਾਮਪੁਰ ਵਾਲਿਆਂ ਦਾ ਕਵੀਸ਼ਰੀ ਜੱਥਾ, ਸੰਤ ਬਾਬਾ ਪ੍ਰਿਤਪਾਲ ਸਿੰਘ, ਕਵੀਸ਼ਰੀ ਜੱਥਾ ਭਾਈ ਚਮਕੌਰ ਸਿੰਘ ਨੇ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ| ਮੰਚ ਸੰਚਾਲਕ ਦੀ ਸੇਵਾ ਭਾਈ ਜਗਜੀਤ ਸਿੰਘ ਨਿਭਾਈ| ਇਸ ਮੌਕੇ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲੇ, ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਸੰਤ ਬਾਬਾ ਮਨਪ੍ਰੀਤ ਸਿੰਘ ਲੁਹਾਰੀ ਵਾਲੇ, ਬੀਬੀ ਸਰੋਜ ਭੈਣ ਸੀਤਾ ਰਾਮ ਮੰਦਿਰ ਵਾਲੇ ਅਤੇ ਹੋਰ ਕਈ ਮਹਾਂਪੁਰਖਾਂ ਨੇ ਸੰਗਤਾਂ ਦੇ ਦਰਸ਼ਨ ਕੀਤੇ| ਇਸ ਮੌਕੇ ਤੇ ਉੱਘੇ ਸਿਆਸੀ ਆਗੂ, ਸਮਾਜ ਸੇਵੀ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਉਚੇਚੇ ਤੌਰ ਤੇ ਆ ਕੇ ਹਾਜ਼ਰੀ ਲਵਾਈ|  ਇਸ ਅਸਥਾਨ ਦੀ ਪ੍ਰਬੰਧਕ ਕਮੇਟੀ ਭਾਈ ਹਰਪਾਲ ਸਿੰਘ ਭੋਲੂ-ਪ੍ਰਧਾਨ, ਭਾਈ ਬਹਾਦਰ ਸਿੰਘ ਗਿਆਨੀ, ਭਾਈ ਪਾਲਾ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਰ, ਭਾਈ ਇਕਬਾਲ ਸਿੰਘ, ਭਾਈ ਲਖਵਿੰਦਰ ਸਿੰਘ ਲੱਖੀ, ਭਾਈ ਹਰਮਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ| ਖੀਰ-ਪੂੜਿਆਂ ਦਾ ਅਤੁੱਟ ਲੰਗਰ ਸਾਰਾ ਦਿਨ ਵਰਤਾਇਆ ਗਿਆ|

Leave a Reply

Your email address will not be published. Required fields are marked *