ਸਿੱਪੀ ਸਿੱਧੂ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ : ਜਿਪੀ ਸਿੱਧੂ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਤਿੰਨ ਸਾਲ ਪਹਿਲਾਂ (20 ਦਸੰਬਰ 2015 ਨੂੰ) ਚੰਡੀਗੜ੍ਹ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਰਹੂਮ ਸਿੱਪੀ ਸਿੱਧੂ ਦੇ ਕਾਤਲਾਂ ਦੇ ਹੁਣ ਤੱਕ ਗ੍ਰਿਫਤਾਰ ਨਾ ਹੋਣ ਦੇ ਮਾਮਲੇ ਵਿੱਚ ਅੱਜ ਪਰਿਵਾਰ ਵਲੋਂ ਪੱਤਰਕਾਰ ਸੰਮੇਲਨ ਦੌਰਾਨ ਮੰਗ ਕੀਤੀ ਗਈ ਕਿ ਸਿੱਪੀ ਸਿੱਧੂ ਦੇ ਕਾਤਲਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਸਜਾ ਦਿੱਤੀ ਜਾਵੇ|
ਅੱਜ ਇਕ ਪੱਤਰਕਾਰ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਮਰਹੂਮ ਸਿੱਪੀ ਸਿੱਧੂ ਦੇ ਭਰਾ ਜਿਪੀ ਸਿੱਧੂ ਅਤੇ ਉਸਦੀ ਮਾਤਾ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ 20 ਸਤੰਬਰ 2015 ਨੂੰ ਚੰਡੀਗੜ੍ਹ ਵਿਖੇ ਸਿੱਪੀ ਸਿੱਧੂ ਦਾ ਇਕ ਲੜਕੀ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ| ਉਹਨਾਂ ਇਲਜਾਮ ਲਗਾਇਆ ਕਿ ਕਾਤਲ ਲੜਕੀ ਦੇ ਪਰਿਵਾਰ ਦੀ ਉੱਚੀ ਪਹੁੰਚ ਕਾਰਨ ਚੰਡੀਗੜ੍ਹ ਪੁਲੀਸ ਵਲੋਂ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਿੱਪੀ ਦੀ ਮਾਤਾ ਨੇ ਦੱਸਿਆ ਕਿ ਉਸ ਵੇਲੇ ਡਿਊਟੀ ਉਪਰ ਤੈਨਾਤ ਮਹਿਲਾ ਪੁਲੀਸ ਅਧਿਕਾਰੀ ਨੇ ਉਹਨਾਂ ਨੂੰ ਫੋਨ ਉਪਰ ਇਹ ਕਿਹਾ ਸੀ ਕਿ ਸਿਪੀ ਸਿੱਧੂ ਦਾ ਐਕਸੀਡੈਂਟ ਹੋ ਗਿਆ ਹੈ ਜਦੋਂ ਉਹ ਮੌਕੇ ਉਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਸਿੱਪੀ ਸਿੱਧੂ ਨੂੰ ਗੋਲੀ ਮਾਰੀ ਗਈ ਸੀ ਅਤੇ ਸਿੱਪੀ ਸਿੱਧੂ ਨੇ ਖੁਦ ਉਹਨਾਂ ਨੂੰ ਦੱਸਿਆ ਸੀ ਕਿ ਉਸ ਸਮੇਂ ਚੰਡੀਗੜ੍ਹ ਵਿੱਚ ਤੈਨਾਤ ਇਕ ਮਹਿਲਾ ਜੱਜ ਅਤੇ ਵਕੀਲ ਪਿਤਾ ਦੀ ਬੇਟੀ ਨੇ ਉਸ ਨੂੰ ਗੋਲੀ ਮਾਰੀ ਹੈ|
ਉਹਨਾਂ ਦੋਸ਼ ਲਗਾਇਆ ਕਿ ਚੰਡੀਗੜ੍ਹ ਪੁਲੀਸ ਨੇ ਉਦੋਂ ਤੋਂ ਲੈ ਕੇ ਹੁਣ ਤਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਕੇਸ ਨੂੰ ਖੁਰਦ ਬੁਰਦ ਕਰਨ ਦਾ ਹੀ ਯਤਨ ਕੀਤਾ ਹੈ| ਪੁਲੀਸ ਵਲੋਂ ਮਹਿਲਾ ਜੱਜ ਜੋ ਕਿ ਇਸ ਸਮੇਂ ਜੈਪੁਰ ਵਿੱਚ ਤੈਨਾਤ ਹੈ, ਦੇ ਪ੍ਰਭਾਵ ਅਧੀਨ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ| ਉਹਨਾਂ ਦੱਸਿਆ ਕਿ ਇਨਸਾਫ ਦੀ ਮੰਗ ਨੂੰ ਲੈ ਕੇ ਉਹ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਭਾਰਤ ਦੇ ਕਾਨੂੰਨ ਮੰਤਰੀ ਨੂੰ ਵੀ ਮਿਲ ਚੁੱਕੇ ਹਨ ਅਤੇ ਇਹਨਾਂ ਦੋਵਾਂ ਨੇ ਉਹਨਾਂ ਨੂੰ ਇਨਸਾਫ ਦੁਆਉਣ ਦਾ ਭਰੋਸਾ ਦਿਵਾਇਆ ਹੈ| ਉਹਨਾਂ ਕਿਹਾ ਕਿ ਉਹ ਇਨਸਾਫ ਲੈਣ ਲਈ ਜਦੋ ਜਹਿਦ ਕਰਦੇ ਰਹਿਣਗੇ|

Leave a Reply

Your email address will not be published. Required fields are marked *