ਸੀਮਾ ਸੁਰੱਖਿਆ ਬਲ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਲਈ ਬਣਾਈ ਸੁਰੰਗ ਦਾ ਪਰਦਾਫਾਸ਼
ਸਾਂਬਾ ਤੋਂ ਬਾਅਦ ਹੁਣ ਕਠੁਆ ਵਿੱਚ 150 ਮੀਟਰ ਲੰਮੀ ਸੁਰੰਗ ਦਾ ਮਿਲਣਾ ਨਿਸ਼ਚਿਤ ਤੌਰ ਤੇ ਸੁਰੱਖਿਆ ਦਸਤਿਆਂ ਲਈ ਵੱਡੀ ਉਪਲਬਧੀ ਹੈ। ਇਹ ਪਰਦਾਫਾਸ਼ ਆਮ ਜਨਤਾ ਲਈ ਵੀ ਰਾਹਤ ਭਰੀ ਖਬਰ ਹੈ, ਕਿਉਂਕਿ ਅੱਤਵਾਦੀ ਘੁਸਪੈਠ ਖੂਨਖਰਾਬਾ ਫੈਲਾਉਣ ਲਈ ਹੀ ਅੰਜਾਮ ਦਿੱਤੀ ਜਾਂਦੀ ਰਹੀ ਹੈ। ਸੀਮਾ ਸੁਰੱਖਿਆ ਬਲ ( ਬੀਐਸਐਫ) ਨੇ ਪਾਕਿਸਤਾਨ ਤੋਂ ਅੱਤਵਾਦੀਆਂ ਦੀ ਘੁਸਪੈਠ ਲਈ ਐਲਓਸੀ ਦੇ ਕੋਲ ਖੋਦੀ ਇਸ ਸੁਰੰਗ ਦਾ ਪਤਾ ਲਗਾ ਕੇ ਗੁਆਂਢੀ ਮੁਲਕ ਦੀ ਨਾਪਾਕ ਹਰਕਤ ਨੂੰ ਬੇਪਰਦਾ ਕਰ ਦਿੱਤਾ ਹੈ। ਇਹ ਇਲਾਕਾ ਕਠੁਆ ਜਿਲ੍ਹੇ ਦੇ ਹੀਰਾਨਗਰ ਸੈਕਟਰ ਦੇ ਬੋਬਿਆ ਪਿੰਡ ਵਿੱਚ ਪੈਂਦਾ ਹੈ। ਇਸ ਸੁਰੰਗ ਦਾ ਦੂਜਾ ਸਿਰਾ ਪਾਕਿਸਤਾਨ ਦੇ ਸ਼ੰਕਰਗੜ੍ਹ ਵਿੱਚ ਹੈ, ਜਿਸ ਨੂੰ ਅੱਤਵਾਦੀ ਲਾਂਚ ਪੈਡ ਦਾ ਗੜ੍ਹ ਮੰਨਿਆ ਜਾਂਦਾ ਹੈ। ਨਿਸ਼ਚਿਤ ਤੌਰ ਤੇ ਗਣਤੰਤਰ ਦਿਵਸ ਤੇ ਗੜਬੜੀ ਦੇ ਇਰਾਦੇ ਨਾਲ ਪਾਕਿਸਤਾਨ ਇਸ ਸੁਰੰਗ ਰਾਹੀਂ ਅੱਤਵਾਦੀਆਂ ਦੀ ਘੁਸਪੈਠ ਦੀ ਸਾਜਿਸ਼ ਰਚ ਰਿਹਾ ਹੈ। ਹਾਲਾਂਕਿ ਇਹ ਤਫਤੀਸ਼ ਦਾ ਬਿੰਦੂ ਹੈ ਕਿ ਕੀ ਇਸਦਾ ਪਤਾ ਚਲਣ ਤੋਂ ਪਹਿਲਾਂ ਅੱਤਵਾਦੀਆਂ ਦੀ ਘੁਸਪੈਠ ਹੋਈ ਸੀ ਜਾਂ ਨਹੀਂ? ਬੀਤੇ ਛੇ ਮਹੀਨੇ ਵਿੱਚ ਇਹ ਤੀਜੀ ਸੁਰੰਗ ਹੈ, ਜਿਸਦਾ ਪਤਾ ਬੀਐਸਐਫ ਨੇ ਲਗਾਇਆ ਹੈ। ਉੱਥੇ ਹੀ ਬੀਤੇ 10 ਸਾਲਾਂ ਵਿੱਚ ਮਿਲਣ ਵਾਲੀ ਇਹ ਨੌਂਵੀ ਸੁਰੰਗ ਹੈ। ਪਿਛਲੇ ਸਾਲ ਹੀ ਸੁਰੱਖਿਆ ਦਸਤਿਆਂ ਨੇ ਦੋ ਸੁਰੰਗਾਂ ਲੱਭੀਆਂ ਸੀ। ਖੈਰ, ਨੀਤੀ ਅਤੇ ਨੈਤਿਕਤਾ ਦੀ ਗੱਲ ਪਾਕਿਸਤਾਨ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਉਸਨੂੰ ਤਾਂ ਬਸ ਬੇਕਸੂਰਾਂ ਦਾ ਖੂਨ ਵਹਾਉਣ ਵਿੱਚ ਹੀ ਆਨੰਦ ਆਉਂਦਾ ਹੈ। ਵਾਰ-ਵਾਰ ਵਿਸ਼ਵ ਬਰਾਦਰੀ ਵਿੱਚ ਆਪਣੀ ਇੱਜਤ ਉਛਲਣ ਦੇ ਬਾਵਜੂਦ ਪਾਕਿਸਤਾਨ ਸੁੱਧਰ ਨਹੀਂ ਰਿਹਾ ਹੈ। ਕਦੇ ਸਿੱਧੇ ਤੌਰ ਤੇ ਭਾਰਤ ਵਿੱਚ ਅੱਤਵਾਦੀਆਂ ਨੂੰ ਭੇਜ ਕੇ ਹਿੰਸਾ ਫੈਲਾਉਣਾ ਤੇ ਕਦੇ ਇੱਥੇ ਦੇ ਜਵਾਨਾਂ ਨੂੰ ਭਰਮ ਜਾਲ ਵਿੱਚ ਫਸਾ ਕੇ ਭਾਰਤ ਵਿਰੋਧੀ ਕੰਮਾਂ ਵਿੱਚ ਉਨ੍ਹਾਂ ਦਾ ਇਸਤੇਮਾਲ ਕਰਨਾ ਹੀ ਪਾਕਿਸਤਾਨ ਦੀ ਫਿਤਰਤ ਬਣ ਗਿਆ ਹੈ। ਭਾਰਤ ਉਸਦੀ ਇਸ ਸਾਜਿਸ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕਿਆ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਹਰ ਮੋਰਚੇ ਤੇ ਭਾਰਤ ਨੂੰ ਕਿਸੇ-ਨਾ-ਕਿਸੇ ਮਸਲੇ ਵਿੱਚ ਉਲਝਾ ਕੇ ਆਪਣੀਆਂ ਸਾਜਿਸ਼ਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਇਸ ਗੰਦੀ ਚਾਲ ਵਿੱਚ ਉਸਦਾ ਸਾਥ ਚੀਨ ਵੀ ਦਿੰਦਾ ਹੈ। ਚੀਨ ਦੀ ਸ਼ਹਿ ਤੇ ਹੀ ਪਾਕਿਸਤਾਨ ਭਾਰਤ ਦੇ ਖਿਲਾਫ ਹਮੇਸ਼ਾ ਹਮਲਾਵਰ ਭੂਮਿਕਾ ਵਿੱਚ ਰਹਿੰਦਾ ਹੈ। ਠੀਕ ਹੈ ਕਿ ਬੀਐਸਐਫ ਨੇ ਸਟੀਕ ਸੂਚਨਾ ਤੇ ਇਸ ਤਰ੍ਹਾਂ ਦੀ ਨਾਪਾਕ ਹਰਕੱਤ ਦਾ ਪਰਦਾਫਾਸ਼ ਕਰ ਦਿੱਤਾ, ਪਰ ਜ਼ਿਆਦਾ ਜਰੂਰੀ ਹੈ ਕਿ ਉਹ ਰਾਜ ਨਾਲ ਲੱਗਦੀਆਂ ਹੋਰ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਵੀ ਚੌਕਸ ਨਜ਼ਰ ਰੱਖੇ। ਜੰਮੂ ਦੇ ਰਸਤੇ ਅੱਤਵਾਦੀਆਂ ਦੀ ਖੇਪ ਭਾਰਤ ਪਹੁੰਚਾਉਣ ਲਈ ਪਾਕਿਸਤਾਨ ਜ਼ਿਆਦਾ ਬੇਤਾਬ ਹੈ। ਇਹੀ ਕਾਰਨ ਹੈ ਕਿ ਤਿੰਨ ਮਹੀਨਿਆਂ ਵਿੱਚ ਜੰਮੂ ਦੇ ਕੋਲ ਮਿਲਣ ਵਾਲੀ ਇਹ ਤੀਜੀ ਸੁਰੰਗ ਹੈ। ਸੁਭਾਵਿਕ ਤੌਰ ਤੇ ਭਾਰਤ ਨੂੰ ਜ਼ਿਆਦਾ ਚੇਤੰਨ ਅਤੇ ਹਮਲਾਵਰ ਅੰਦਾਜ ਵਿੱਚ ਰਹਿਣਾ ਪਵੇਗਾ।
ਸ਼ਾਮ ਲਾਲ