ਸੀਰੀਆ ਤੋਂ ਆਪਣੇ ਸੁਰੱਖਿਆ ਦਸਤਿਆਂ ਨੂੰ ਜਲਦੀ ਹਟਾਏਗਾ ਅਮਰੀਕਾ: ਟਰੰਪ

ਰਿਚਫੀਲਡ/ਵਾਸ਼ਿੰਗਟਨ, 30 ਮਾਰਚ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਮਰੀਕੀ ਸੁਰੱਖਿਆ ਦਸਤਿਆਂ ਨੂੰ ‘ਜਲਦੀ ਹੀ’ ਸੀਰੀਆ ਤੋਂ ਵਾਪਸ ਸੱਦ ਲਿਆ ਜਾਏਗਾ| ਉਨ੍ਹਾਂ ਨੇ ਵਾਸ਼ਿੰਗਟਨ ਵੱਲੋਂ ਪੱਛਮੀ ਏਸ਼ੀਆ ਵਿਚ 7 ਹਜ਼ਾਰ ਅਰਬ ਅਮਰੀਕੀ ਡਾਲਰ ਦੀ ਬਰਬਾਦੀ ਤੇ ਵੀ ਅਫਸੋਸ ਜਤਾਇਆ| ਓਹੀਓ ਵਿਚ ਕਾਰੋਬਾਰ ਦੇ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਕਬਜ਼ੇ ਵਿਚ ਰਹੇ ਸਾਰੇ ਇਲਾਕਿਆਂ ਨੂੰ ਅਮਰੀਕੀ ਦਸਤੇ ਆਪਣੇ ਕੰਟਰੋਲ ਵਿਚ ਲੈਣ ਦੇ ਬਹੁਤ ਨੇੜੇ ਪਹੁੰਚ ਗਏ ਹਨ| ਟਰੰਪ ਨੇ ਵਾਅਦਾ ਕੀਤਾ ਕਿ ਅਸੀਂ ਸੀਰੀਆ ਤੋਂ ਜਲਦੀ ਪਰਤ ਰਹੇ ਹਾਂ| ਹੁਣ ਦੂਜੇ ਲੋਕਾਂ ਨੂੰ ਹੀ ਇਸ ਨੂੰ ਦੇਖਣ ਦਿਓ| ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਸੀਰੀਆ ਦੇ ਸਬੰਧ ਵਿਚ ਉਹ ਜਿਨ੍ਹਾਂ ‘ਹੋਰ ਲੋਕਾਂ’ ਦੀ ਗੱਲ ਕਰ ਰਹੇ ਹਨ, ਉਹ ਕੌਣ ਹਨ| ਜ਼ਿਕਰਯੋਗ ਹੈ ਕਿ ਸੀਰੀਆ ਵਿਚ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਸਮਰਥਨ ਦੇਣ ਲਈ ਰੂਸ ਅਤੇ ਇਰਾਨ ਦੇ ਸੁਰੱਖਿਆ ਦਸਤੇ ਵੱਡੀ ਗਿਣਤੀ ਵਿਚ ਉਥੇ ਮੌਜੂਦ ਹਨ| ਉਨ੍ਹਾਂ ਕਿਹਾ ਕਿ ਅਸੀਂ ਇੱਥੋਂ ਜਲਦੀ ਪਰਤ ਜਾਵਾਂਗੇ, ਆਪਣੇ ਦੇਸ਼ ਜਿੱਥੋਂ ਅਸੀਂ ਹਾਂ, ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ| ਸੀਰੀਆ ਵਿਚ ਚੱਲ ਰਹੇ ਗ੍ਰਹਿ ਯੁੱਧ ਤੋਂ ਵੱਖ ਰਹਿਣ ਦੀ ਕੋਸ਼ਿਸ਼ ਕਰਦੇ ਹੋਏ ਪੂਰਬੀ ਸੀਰੀਆ ਵਿਚ ਅਮਰੀਕਾ ਦੇ 2,000 ਤੋਂ ਜ਼ਿਆਦਾ ਫੌਜੀ ਸਥਾਨਕ ਮਿਲੀਸ਼ੀਆ ਸਮੂਹ ਨਾਲ ਮਿਲ ਕੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਿਰੁੱਧ ਲੜ ਰਹੇ ਹਨ|

Leave a Reply

Your email address will not be published. Required fields are marked *