ਸੀਰੀਆ ਦੇ ਰਾਸ਼ਟਰਪਤੀ ਅਸਦ ਕਾਰਨ ਘਰੇਲੂ ਜੰਗ ਦਾ ਸਿਆਸੀ ਹੱਲ ਸੰਭਵ ਨਹੀਂ: ਨਿਕੀ ਹੇਲੀ

ਵਾਸ਼ਿੰਗਟਨ, 10 ਅਪ੍ਰੈਲ (ਸ.ਬ.) ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਜਦੋਂ ਤੱਕ ਰਾਸ਼ਟਰਪਤੀ ਬਸ਼ਰ ਅਲ-ਅਸਦ ਸੱਤਾ ਵਿੱਚ ਬਣੇ ਰਹਿੰਦੇ ਹਨ, ਉਦੋਂ ਤੱਕ ਸੀਰੀਆ ਵਿੱਚ ਚੱਲ ਰਹੇ ਘਰੇਲੂ ਜੰਗ ਦਾ ਸਿਆਸੀ ਹੱਲ ਸੰਭਵ ਨਹੀਂ ਹੈ| ਨਿੱਕੀ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਅਸਦ ਨੂੰ ਲੈ ਕੇ ਅਮਰੀਕਾ ਦਾ ਰਵੱਈਆ ਕਾਫੀ ਸਖਤ ਹੋ ਗਿਆ ਹੈ| ਤਾਜ਼ਾ ਸੰਕੇਤ ਤਾਂ ਇਹ ਹੀ ਦੱਸਦੇ ਹਨ ਕਿ ਅਸਦ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਆਪਣੀ ਪੁਰਾਣੀ ਰਣਨੀਤੀ ਤੇ ਮੁੜ ਵਿਚਾਰ ਕਰ ਰਿਹਾ ਹੈ| ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਪਹਿਲਾਂ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਆਲੋਚਨਾ ਕਰਦਿਆਂ ਕਈ ਵਾਰ ਕਿਹਾ ਸੀ ਕਿ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਅਸਦ ਨੂੰ ਸੱਤਾ ਤੋਂ ਹਟਾਉਣ ਵਿੱਚ ਆਪਣੇ ਸਾਧਨ ਬਰਬਾਦ ਨਾ ਕਰੇ, ਸਗੋਂ ਇਸਲਾਮਿਕ ਸਟੇਟ (ਆਈ. ਐਸ.) ਦੇ ਖਾਤਮੇ ਨੂੰ ਤਰਜ਼ੀਹ ਦੇਵੇ| ਟਰੰਪ ਨੇ ਆਪਣੇ ਚੋਣ ਮੁਹਿੰਮ ਦੌਰਾਨ ਕਈ ਵਾਰ ਦੋਹਰਾਇਆ ਸੀ ਕਿ ਅਸਦ ਨੂੰ ਸੱਤਾ ਤੋਂ ਹਟਾਉਣਾ ਉਨ੍ਹਾਂ ਦੀ ਤਰਜ਼ੀਹ ਨਹੀਂ ਹੈ ਪਰ ਹੁਣ ਟਰੰਪ ਬਿਲਕੁੱਲ ਹੀ ਵੱਖਰੀ ਲਾਈਨ ਅਪਣਾਉਂਦੇ ਨਜ਼ਰ ਆ ਰਹੇ ਹਨ|
ਇਕ ਇੰਟਰਵਿਊ ਦੌਰਾਨ ਨਿੱਕੀ ਹੈਲੀ ਨੇ ਕਿਹਾ ਕਿ ਆਈ. ਐਸ. ਅਤੇ ਉਸ ਦੇ ਸਹਿਯੋਗੀ ਸੰਗਠਨਾਂ ਨੂੰ ਹਰਾਉਣਾ, ਸੀਰੀਆ ਤੋਂ ਈਰਾਨ ਦਾ ਪ੍ਰਭਾਵ ਖਤਮ ਕਰਨਾ ਅਤੇ ਰਾਸ਼ਟਰਪਤੀ ਅਸਦ ਨੂੰ ਸੱਤਾ ਤੋਂ ਹਟਾਉਣਾ ਟਰੰਪ ਪ੍ਰਸ਼ਾਸਨ ਦੀ ਪਹਿਲੀ ਤਰਜ਼ੀਹ ਹੈ| ਨਿੱਕੀ ਦੇ ਇਸ ਇੰਟਰਵਿਊ ਦਾ ਪ੍ਰਸਾਰਣ ਕੀਤਾ ਗਿਆ| ਉਨ੍ਹਾਂ ਕਿਹਾ ਕਿ ਅਸਦ ਦੇ ਹੁੰਦੇ ਹੋਏ ਸੀਰੀਆ ਵਿੱਚ ਸ਼ਾਂਤੀ ਕਾਇਮ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ| ਜਿਕਰਯੋਗ ਹੈ ਕਿ ਸੀਰੀਆ ਦੇ ਇਦਲਿਬ ਵਿੱਚ ਰਸਾਇਣਕ ਹਮਲਾ ਕੀਤਾ ਗਿਆ, ਜਿਸ ਵਿੱਚ 100 ਤੋਂ ਵਧ ਲੋਕ ਮਾਰੇ ਗਏ|
ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਸਨ| ਇਸ ਰਸਾਇਕ ਹਮਲੇ ਦਾ ਦੋਸ਼ ਅਸਦ ਸਰਕਾਰ ਤੇ ਲੱਗਾ ਹੈ|
ਰਸਾਇਣਕ ਹਮਲੇ ਕਾਰਨ ਮਾਰੇ ਗਏ ਲੋਕਾਂ ਅਤੇ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਅਮਰੀਕਾ ਨੇ ਸੀਰੀਅਨ ਫੌਜ ਦੇ ਇਕ ਏਅਰਬੇਸ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ| ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਸਾਫ ਕਿਹਾ ਸੀ ਕਿ ਅਸਦ ਵਲੋਂ ਰਸਾਇਣਕ ਹਮਲਾ ਕੀਤੇ ਜਾਣ ਕਾਰਨ ਹੀ ਉਸ ਨੇ ਇਹ ਕਦਮ ਚੁੱਕਿਆ| ਇਸ ਤੋਂ ਸਾਫ ਹੋ ਗਿਆ ਹੈ ਕਿ ਅਸਦ ਨੂੰ ਲੈ ਕੇ ਅਮਰੀਕਾ ਨੇ ਆਪਣਾ ਰਵੱਈਆ ਪੂਰੀ ਤਰ੍ਹਾਂ ਨਾਲ ਬਦਲ ਲਿਆ ਹੈ|

Leave a Reply

Your email address will not be published. Required fields are marked *