ਸੀਰੀਆ ਵਿੱਚ ਅਸਦ, ਰੂਸ ਅਤੇ ਈਰਾਨ ਦੇ ਹੱਥ ਖੂਨ ਨਾਲ ਰੰਗੇ: ਓਬਾਮਾ

ਵਾਸ਼ਿੰਗਟਨ, 17 ਦਸੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਦੇ ਅਲੈਪੋ ਵਿੱਚ ਵੱਡੇ ਪੱਧਰ ਤੇ ਹੋਈਆਂ ਹੱਤਿਆਵਾਂ ਬਾਰੇ  ਕਿਹਾ ਹੈ ਕਿ ਇਨ੍ਹਾਂ ਹੱਤਿਆਵਾਂ ਦੇ ਜ਼ਿੰਮੇਵਾਰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸ਼ਾਸਨ, ਇਰਾਨ ਅਤੇ ਰੂਸ ਹੈ ਅਤੇ ਜਦੋਂ ਤੱਕ ਸੀਰੀਆ ਤੇ ਫੌਜ ਦਾ ਕੰਟਰੋਲ ਨਹੀਂ ਹੁੰਦਾ, ਉਦੋਂ ਤੱਕ ਇਸ ਜੰਗ ਨੂੰ ਰੋਕਣ ਲਈ ਵਾਸ਼ਿੰਗਟਨ ਕੁਝ ਨਹੀਂ ਕਰ ਸਕਦਾ| ਓਬਾਮਾ ਨੇ ਰਾਸ਼ਟਰਪਤੀ ਅਸਦ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਤਲੇਆਮ ਦੇ ਜ਼ੋਰ ਤੇ ਉਹ ਆਪਣੀ ਸ਼ਕਤੀ ਨੂੰ ਸਥਾਪਤ ਨਹੀਂ ਕਰ ਸਕਣਗੇ| ਉਨ੍ਹਾਂ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਇਸ ਸਮੇਂ ਪੂਰੀ ਦੁਨੀਆ ਸੀਰੀਆ ਸ਼ਾਸਨ ਅਤੇ ਉਸ ਦੇ ਰੂਸੀ ਅਤੇ ਈਰਾਨੀ ਸਹਿਯੋਗੀਆਂ ਵਲੋਂ ਅਲੈਪੋ ਸ਼ਹਿਰ ਵਿੱਚ ਕੀਤੇ ਜਾ ਰਹੇ ਭਿਆਨਕ ਹਮਲਿਆਂ ਵਿਰੁੱਧ ਇਕਜੁਟ ਹੈ| ਉਨ੍ਹਾਂ ਨੇ ਕਿਹਾ, ”ਇਸ ਖੂਨ-ਖਰਾਬੇ ਅਤੇ ਅੱਤਿਆਚਾਰ ਦੇ ਜ਼ਿੰਮੇਵਾਰ ਉਹ ਹੀ ਹਨ|”
ਓਬਾਮਾ ਨੇ ਪੱਤਰਕਾਰਾਂ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਖੁਦ ਤੋਂ ਪੁੱਛਿਆ ਕਿ ਅਮਰੀਕਾ ਨੇ ਇਸ ਵਿਵਾਦ ਦੇ ਹੱਲ ਲਈ ਉੱਚਿਤ ਕੰਮ ਕੀਤਾ ਹੈ ਜਾਂ ਨਹੀਂ| ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਅਜਿਹੀਆਂ ਕਈ ਥਾਂਵਾਂ ਹਨ, ਜਿੱਥੇ ਬਹੁਤ ਕੁਝ ਭਿਆਨਕ ਤਰੀਕੇ ਨਾਲ ਹੋ ਰਿਹਾ ਹੈ| ਮੈਂ ਅਮਰੀਕਾ ਦਾ ਰਾਸ਼ਟਰਪਤੀ ਹਾਂ, ਇਸ ਲਈ ਮੈਨੂੰ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ| ਮੈਂ ਸੋਚਦਾ ਹਾਂ ਕਿ ਜ਼ਿੰਦਗੀਆਂ ਬਚਾਉਣ, ਕੁਝ ਬਦਲਾਅ ਲਿਆਉਣ ਅਤੇ ਮਾਸੂਮ ਬੱਚਿਆਂ ਨੂੰ ਇਨ੍ਹਾਂ ਹਲਾਤਾਂ ਵਿੱਚੋਂ ਬਾਹਰ ਕੱਢਣ ਲਈ ਮੈਂ ਕੀ ਕਰ ਸਕਦਾ ਹਾਂ| ਓਬਾਮਾ ਨੇ ਕਿਹਾ ਕਿ ਜੰਗ ਦੀ ਸ਼ੁਰੂਆਤ ਵਿੱਚ ਵੱਡੇ ਪੱਧਰ ਤੇ ਅਮਰੀਕੀ ਫੌਜ ਦੇ ਦਖਲ ਦੇ ਪੱਖ ਵਿੱਚ ਜਨਤਾ ਦੀ ਹਮਾਇਤ ਹਾਸਲ ਨਹੀਂ ਸੀ, ਜਦਕਿ ਉਨ੍ਹਾਂ ਦੇ ਹਿਸਾਬ ਨਾਲ ਜੰਗ ਨੂੰ ਰੋਕਣ ਲਈ ਇਕਮਾਤਰ ਰਾਹ ਇਹ ਹੀ ਹੁੰਦਾ|
ਜਿਕਰਯੋਗ ਹੈ ਕਿ ਓਬਾਮਾ ਦਾ ਕਾਰਜਕਾਲ 20 ਜਨਵਰੀ ਨੂੰ ਖਤਮ ਹੋ ਰਿਹਾ ਹੈ| ਓਬਾਮਾ ਸ਼ਾਸਨ ਦੇ ਤਹਿਤ ਵ੍ਹਾਈਟ ਹਾਊਸ ਅਸਦ ਅਤੇ ਸੀਰੀਆ ਦੇ ਬਾਗੀਆਂ ਵਿਚਾਲੇ ਸ਼ਾਂਤੀ ਸਮਝੌਤੇ ਤੇ ਗੱਲਬਾਤ ਸ਼ੁਰੂ ਕਰਵਾਉਣ ਲਈ ਰੂਸ ਨੂੰ ਮਨਾਉਣ ਦੀਆਂ ਕੂਟਨੀਤਕ ਕੋਸ਼ਿਸ਼ਾਂ ਵਿੱਚ ਸ਼ਾਮਲ ਰਿਹਾ ਹੈ ਪਰ ਜੰਗਬੰਦੀ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਹੁਣ ਰੂਸ, ਤੁਰਕੀ ਨਾਲ ਮਿਲ ਕੇ ਬਾਗੀਆਂ ਦੇ ਕਬਜ਼ੇ ਵਾਲੇ ਅਲੈਪੋ ਨੂੰ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਉਣ ਦੀ ਮੁਹਿੰਮ ਵਿੱਚ ਜੁਟਿਆ ਹੋਇਆ ਹੈ| ਕੱਲ ਸੀਰੀਆਈ ਸਰਕਾਰ ਨੇ ਮੁਹਿੰਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ, ਅਜਿਹੇ ਵਿਚ ਜਦੋਂ ਹਜ਼ਾਰਾਂ ਆਮ ਨਾਗਰਿਕ, ਬਾਗੀ ਲੜਾਕਿਆਂ ਨਾਲ ਸ਼ਹਿਰ ਵਿੱਚ ਫਸੇ ਹੋਏ ਹਨ, ਖੂਨ-ਖਰਾਬੇ ਦੀ ਸ਼ੰਕਾ ਹੋਰ ਵੀ ਵਧ ਗਈ ਹੈ| ਓਧਰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਅਲੈਪੋ ਨੂੰ ਨਰਕ ਦੱਸਦਿਆਂ ਹੋਏ ਸਾਰੇ ਪੱਖਾਂ ਨੂੰ ਅਪੀਲ ਕੀਤੀ ਸੀ ਕਿ ਉਹ ਲੋਕਾਂ ਨੂੰ ਉੱਥੋਂ ਕੱਢਣ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਬਹਾਲ ਕਰਨ ਲਈ ਸਾਰੇ ਜ਼ਰੂਰੀ ਉਪਾਅ ਕਰਨ|

Leave a Reply

Your email address will not be published. Required fields are marked *