ਸੀਰੀਆ ਵਿੱਚ ਖੂਨ-ਖਰਾਬੇ ਦੇ ਹਾਲਾਤ ਹਨ : ਐਂਤੋਨੀਓ

ਸੰਯੁਕਤ ਰਾਸ਼ਟਰ, 11 ਅਪ੍ਰੈਲ (ਸ.ਬ.) ਸੰਯੁਕਤ ਰਾਸ਼ਟਰ ਮੁਖੀ ਐਂਤੋਨੀਓ ਗੁਤਾਰੇਸ ਨੇ ਸੀਰੀਆ ਵਿੱਚ ਲਗਾਤਾਰ ਹੋ ਰਹੀ ਹਿੰਸਾ ਅਤੇ ਜੰਗ ਦੇ ਹਾਲਾਤ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ| ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜੇ ਵੀ ਖੂਨ-ਖਰਾਬੇ ਜਿਹੇ ਹਾਲਾਤ ਬਣੇ ਹੋਏ ਹਨ| ਉਨ੍ਹਾਂ ਨੇ ਦੇਸ਼ ਵਿੱਚ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਅਪੀਲ ਕੀਤੀ| ਉਨ੍ਹਾਂ ਅੱਗੇ ਕਿਹਾ ਕਿ ਇੱਥੇ 8 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ|
ਐਂਤੋਨੀਓ ਨੇ ਅੱਗੇ ਕਿਹਾ ਕਿ ਸੀਰੀਆ ਵਿੱਚ ਜੰਗ ਦੇ ਹਾਲਾਤ ਖਤਮ ਨਹੀਂ ਹੋਏ ਹਨ| ਕੁਝ ਇਲਾਕਿਆਂ ਵਿਚ ਸੰਘਰਸ਼ ਘੱਟ ਹੈ, ਹਾਲਾਂਕਿ ਅਫਰਿਨ, ਇਦਲਿਬ ਦੇ ਕੁਝ ਹਿੱਸਿਆਂ, ਦਮਿਸ਼ਕ ਅਤੇ ਉਸ ਦੇ ਉੱਪ ਨਗਰਾਂ ਸਮੇਤ ਪੂਰੀ ਘੋਤਾ ਵਿਚ ਹਿੰਸਾ ਜਾਰੀ ਹੈ|
ਉਨ੍ਹਾਂ ਨੇ ਕਿਹਾ ਕਿ ਮੈਂ ਸੀਰੀਆਈ ਲੋਕਾਂ ਦੀ ਮੌਤ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਹੁਤ ਦੁਖੀ ਹਾਂ| ਮੈਂ ਉਨ੍ਹਾਂ ਲੋਕਾਂ ਤੋਂ ਵੀ ਬਹੁਤ ਨਿਰਾਸ਼ ਹਾਂ, ਜਿਨ੍ਹਾਂ ਨੇ ਸਾਲ ਦਰ ਸਾਲ ਇਸ ਨੂੰ ਹੋਣ ਦਿੱਤਾ| ਐਂਤੋਨੀਓ ਪਿਛਲੇ ਮਹੀਨੇ ਸਾਰਿਆਂ ਦੀ ਸਹਿਮਤੀ ਨਾਲ ਪਾਸ ਕੀਤੇ ਗਏ ਸੁਰੱਖਿਆ ਪਰੀਸ਼ਦ ਪ੍ਰਸਤਾਵ 2401 ਨੂੰ ਲਾਗੂ ਕੀਤੇ ਜਾਣ ਤੇ ਪਰੀਸ਼ਦ ਨੂੰ ਸੰਬੋਧਿਤ ਕਰ ਰਹੇ ਸਨ| ਐਂਤੋਨੀਓ ਨੇ ਕਿਹਾ ਕਿ ਸੀਰੀਆ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਹੋਰ ਸਾਲ ਦੀ ਤੁਲਨਾ ਵਿਚ 2017 ਵਿੱਚ ਸਭ ਤੋਂ ਵਧ ਬੱਚੇ ਮਾਰੇ ਗਏ| ਉਨ੍ਹਾਂ ਨੇ ਸੀਰੀਆ ਦੇ ਪੂਰਬੀ ਘੋਤਾ ਵਿੱਚ ਹਾਲ ਹੀ ਵਿੱਚ ਹੋਏ ਰਸਾਇਣਕ ਹਥਿਆਰ ਹਮਲੇ ਸੰਬੰਧੀ ਖ਼ਬਰਾਂ ਦੀ ਵੀ ਨਿੰਦਾ ਕੀਤੀ|

Leave a Reply

Your email address will not be published. Required fields are marked *