ਸੀਰੀਆ ਵਿੱਚ ਫੌਜ ਹੱਥੋਂ ਮਾਰੇ ਜਾ ਰਹੇ ਹਨ ਬੇਗੁਨਾਹ

ਦਮਿਸ਼ਕ, 1 ਮਾਰਚ (ਸ.ਬ.) ਸੀਰੀਆ ਦੇ ਪੂਰਬੀ ਘੌਟਾ ਵਿੱਚ ਅਸਦ ਦੀ ਫੌਜ ਨੇ ਪਿਛਲੇ ਇਕ ਹਫਤੇ ਤੋਂ ਕਹਿਰ ਮਚਾਇਆ ਹੋਇਆ ਹੈ| ਪੂਰਬੀ ਘੌਟਾ ਵਿਚ ਹੋ ਰਹੇ ਬੰਬ ਧਮਾਕੇ ਵਿੱਚ ਹੁਣ ਤੱਕ 550 ਤੋਂ ਵਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ| ਸੀਰੀਆ ਦੀ ਪੂਰਬੀ ਘੌਟਾ ਵਿਚ ਰਹਿਣ ਵਾਲੀ ਇਕ ਅਮਰੀਕੀ ਅਧਿਆਪਕਾ ਨੇ ਉਥੋਂ ਦੇ ਮਾੜੇ ਹਲਾਤਾਂ ਨੂੰ ਲੈ ਕੇ ਦਰਦ ਬਿਆਨ ਕੀਤਾ ਹੈ|
ਬਾਗੀਆਂ ਤੇ ਕਾਰਵਾਈ ਕਰਨ ਲਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਫੌਜ ਨੇ ਸੈਂਕੜੇ ਬੇਕਸੂਰ ਅਤੇ ਮਾਸੂਮ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ|
ਅਮਰੀਕੀ ਔਰਤ ਡਿਐਨਾ ਲਿਨ ਨੇ ਕਿਹਾ ਕਿ ਅਸਦ ਦੀ ਫੌਜ ਕਿਸੇ ਨੂੰ ਵੀ ਨਹੀਂ ਬਖਸ਼ ਰਹੀ| ਲਿਨ ਨੇ ਕਿਹਾ ਉਹ ਸ਼ਰਨਾਰਥੀਆਂ ਨੂੰ ਮਾਰ ਰਹੇ ਹਨ, ਉਨ੍ਹਾਂ ਨੂੰ ਜੋ ਨਜ਼ਰ ਆਉਂਦਾ ਹੈ, ਉਨ੍ਹਾਂ ਨੂੰ ਉਹ ਨਿਸ਼ਾਨਾ ਬਣਾ ਰਹੇ ਹਨ| ਇਕ ਤੋਂ ਬਾਅਦ ਇਕ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਹਨ| ਆਪਣੇ ਦੁੱਖ ਨੂੰ ਬਿਆਨ ਕਰਦੇ ਹੋਏ ਲਿਨ ਨੇ ਕਿਹਾ ਕਿ ਕਈ ਪਰਿਵਾਰਾਂ ਨੂੰ ਬੇਸਮੈਂਟ ਦੇ ਅੰਦਰ ਬਣੇ ਸ਼ਰਨਾਰਥੀ ਕੈਂਪਾਂ ਵਿਚ ਰਹਿਣਾ ਪੈ ਰਿਹਾ ਹੈ, ਜਿੱਥੇ 60 ਲੋਕਾਂ ਨੂੰ ਇਕ ਹੀ ਟਾਇਲਟ ਯੂਜ਼ ਕਰਨਾ ਪੈ ਰਿਹਾ ਹੈ| ਲਿਨ ਨੇ ਕਿਹਾ ਕਿ ਇੱਥੇ ਬਿਜਲੀ ਨੂੰ ਛੱਡੋ ਖਾਣਾ, ਪਾਣੀ ਵੀ ਨਸੀਬ ਨਹੀਂ ਹੋ ਰਿਹਾ ਹੈ| ਵਿਗੜਦੇ ਹਲਾਤਾਂ ਲਈ ਅਸਦ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੋਈ ਲਿਨ ਕਹਿੰਦੀ ਹੈ ਕਿ ਜੇਕਰ ਉਹ (ਅਸਦ) ਚਾਹੁਣ ਤਾਂ ਖਾਣਾ ਮਿਲਦਾ ਹੈ, ਜੇਕਰ ਉਹ ਨਾ ਚਾਹੁਣ ਤਾਂ ਨਹੀਂ ਮਿਲਦਾ| ਲਿਨ ਨੇ ਅੱਗੇ ਕਿਹਾ ਕਿ ਅਸਦ ਨੇ ਖਾਣਾ ਅਤੇ ਮੈਡੀਕਲ ਸਹੂਲਤਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ| ਲਿਨ ਪੂਰਬੀ ਘੌਟਾ ਵਿੱਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੈ ਅਤੇ ਉਹ ਅੰਗਰੇਜ਼ੀ ਦੀ ਅਧਿਆਪਕਾ ਹੈ| ਹਵਾਈ ਹਮਲਿਆਂ ਤੋਂ ਦੁਖੀ ਲਿਨ ਨੇ ਕਿਹਾ ਕਿ ਹਾਲਾਤ ਹਰ ਦਿਨ ਭਿਆਨਕ ਹੁੰਦੇ ਜਾ ਰਹੇ ਹਨ|

Leave a Reply

Your email address will not be published. Required fields are marked *