ਸੀਰੀਆ ਵਿੱਚ ਯੁੱਧ ਤੋਂ ਪਿੱਛੇ ਨਹੀਂ ਹਟੇਗਾ ਅਮਰੀਕਾ: ਜੇਮਸ ਮੈਟਿਸ

ਵਾਸ਼ਿੰਗਟਨ, 14 ਨਵੰਬਰ (ਸ.ਬ.) ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਇਹ ਕਿਹਾ ਕਿ ਸ਼ਾਂਤੀ ਗੱਲਬਾਤ ਸ਼ੁਰੂ ਹੋਣ ਤੱਕ ਸੀਰੀਆ ਵਿਚ ਅਮਰੀਕਾ ਯੁੱਧ ਤੋਂ ਪਿੱਛੇ ਨਹੀਂ ਹਟੇਗਾ| ਮੈਟਿਸ ਨੇ ਕਿਹਾ ਸੀਰੀਆ ਅਤੇ ਇਰਾਕ ਵਿਚ ਇਸਲਾਮੀਕ  ਸਟੇਟ ਸਮੂਹ ਖਿਲਾਫ ਅਮਰੀਕਾ ਦੀ ਅਗਵਾਈ ਵਾਲਾ ਇਕ ਫੌਜੀ ਗੱਠਜੋੜ ਆਪਣਾ ਯੁੱਧ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਪ੍ਰਕਿਰਿਆ ਇਸ ਸੰਬੰਧ ਵਿਚ ਅੱਗੇ ਨਹੀਂ ਵਧਦੀ|
ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ਅਸੀਂ ਇੱਥੋਂ ਉਦੋਂ ਤੱਕ ਪਿੱਛੇ ਨਹੀਂ ਹੱਟਣ ਵਾਲੇ ਜਦੋਂ ਤੱਕ ਜਨੇਵਾ ਵਿਚ ਹੋਣ ਵਾਲੀ ਪ੍ਰਕਿਰਿਆ ਹੋਰ ਅੱਗੇ ਨਹੀਂ ਵਧ ਜਾਂਦੀ| ਤੁਹਾਨੂੰ ਹੁਣ ਇਸ ਨਾਲ ਨਜਿੱਠਣ ਲਈ ਕੁੱਝ ਤਾਂ ਕਰਨਾ ਹੋਵੇਗਾ, ਸਿਰਫ ਵਿਦਰੋਹੀਆਂ ਨਾਲ ਲੜਨਾ ਅਤੇ ਫਿਰ ਸੱਭ ਕੁੱਝ ਉਸ ਹਾਲ ਵਿਚ ਛੱਡ ਦੇਣਾ ਕਾਫ਼ੀ ਨਹੀਂ ਹੈ| ਇਸ ਗੱਠਜੋੜ ਦਾ ਟੀਚਾ ਹਮੇਸ਼ਾ ਤੋਂ ਆਈ. ਐਸ ਨਾਲ ਲੜਨਾ ਅਤੇ ਸੀਰੀਆਈ ਗ੍ਰਹਿ ਯੁੱਧ ਨੂੰ ਖਤਮ ਕਰਨ ਲਈ ਇਕ ਸਿਆਸਤੀ ਹੱਲ ਲੱਭਣਾ ਸੀ|
ਮੈਟਿਸ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਾਂਗੇ ਕਿ ਅਸੀਂ ਇਕ ਸਿਆਸਤੀ ਹੱਲ ਲਈ ਪ੍ਰਸਥਿਤੀਆਂ ਬਣਾਈਏ| ਬੀਤੇ ਦਿਨੀਂ ਅਮਰੀਕਾ ਅਤੇ ਰੂਸ ਨੇ ਸੰਯੁਕਤ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸੀਰੀਆ ਦੇ ਸੰਘਰਸ਼ ਦਾ ਕੋਈ ਵੀ ਫੌਜੀ ਹੱਲ ਨਹੀਂ ਹੈ| ਬਿਆਨ ਵਿਚ ਕਿਹਾ ਗਿਆ, ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀ ਸੀਰੀਆ ਦੀ ਏਕਤਾ, ਅਜ਼ਾਦੀ, ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਗੈਰ-ਸੰਪ੍ਰਾਦਾਇਕ ਚਰਿੱਤਰ ਲਈ ਵਚਨਬੱਧ ਹਨ| ਇਸ ਵਿਚ ਜਨੇਵਾ ਵਿਚ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਗੱਲਬਾਤ ਵਿਚ ਸਾਰੇ ਪੱਖਾਂ ਨੂੰ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ|

Leave a Reply

Your email address will not be published. Required fields are marked *