ਸੀਲਿੰਗ ਸਬੰਧੀ ਜਲਦੀ ਕਾਨੂੰਨ ਬਣਾਇਆ ਜਾਵੇ: ਕੇਜਰੀਵਾਲ

ਨਵੀਂ ਦਿੱਲੀ, 10 ਮਾਰਚ (ਸ.ਬ.) ਦਿੱਲੀ ਵਿੱਚ ਸੀਲਿੰਗ ਦਾ ਮੁੱਦਾ ਹੁਣ ਕਾਫੀ ਗਰਮਾ ਗਿਆ ਹੈ| ਜਿੱਥੇ ਇਸ ਸਮੱਸਿਆ ਦਾ ਹੱਲ ਨਾ ਹੋਣ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭੁੱਖ ਹੜਤਾਲ ਕਰਨ ਦੀ ਧਮਕੀ ਦਿੱਤੀ, ਉਥੇ ਹੀ ਹੁਣ ਉਨ੍ਹਾਂ ਨੇ ਪੀ.ਐਮ. ਮੋਦੀ ਨੂੰ ਚਿੱਠੀ ਲਿਖ ਕੇ ਇਸ ਮੁੱਦੇ ਤੇ ਕਾਨੂੰਨ ਬਣਾਉਣ ਦੀ ਗੁਹਾਰ ਲਾਈ ਹੈ| ਜ਼ਿਕਰਯੋਗ ਹੈ ਕਿ ਇਕ ਹੀ ਦਿਨ ਵਿੱਚ ਕਰੀਬ 350 ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ, ਜਿਸ ਨਾਲ ਗੁੱਸਾਏ ਦੁਕਾਨਦਾਰ ਧਰਨੇ ਤੇ ਬੈਠ ਗਏ ਸਨ| ਇਹ ਸਭ ਤੋਂ ਵੱਡੀ ਸੀਲਿੰਗ ਸੀ, ਜੋ ਵੀਰਵਾਰ (8 ਮਾਰਚ) ਨੂੰ ਹੋਈ| ਇਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਕਾਨਦਾਰਾਂ ਨਾਲ ਮਿਲ ਕੇ ਭਰੋਸਾ ਦਿਵਾਇਆ ਸੀ ਕਿ ਉਹ ਇਸ ਸਮੱਸਿਆ ਦਾ ਹੱਲ ਲੱਭ ਲੈਣਗੇ|
ਕੁਝ ਘੰਟੇ ਪਹਿਲਾਂ ਮੁੱਖ ਮੰਤਰੀ ਨੇ ਇਹ ਸਮੱਸਿਆ ਦੇ ਨਾ ਸੁਲਝਣ ਤੇ ਭੁੱਖ ਹੜਤਾਲ ਕਰਨ ਦੀ ਗੱਲ ਕਹੀ ਸੀ ਅਤੇ ਹੁਣ ਉਨ੍ਹਾਂ ਨੇ ਪੀ.ਐਮ. ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਇਸ ਮੁੱਦੇ ਤੇ ਕਾਨੂੰਨ ਬਣਾਉਣ ਦੀ ਗੁਹਰ ਲਗਾਈ ਹੈ| ਨਾਲ ਹੀ ਅਰਵਿੰਦ ਕੇਜਰੀਵਾਲ ਨੇ ਦੋਹਾਂ ਨੇਤਾਵਾਂ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ| ਜ਼ਿਕਰਯੋਗ ਹੈ ਕਿ ਕਰੀਬ 3 ਮਹੀਨਿਆਂ ਤੋਂ ਸੀਲਿੰਗ ਚੱਲ ਰਹੀ ਹੈ, ਜਿਸ ਕਾਰਨ ਵਪਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ| ਕਿਸੇ ਨੂੰ ਵੀ ਇਸ ਸਮੱਸਿਆ ਦਾ ਹੱਲ ਨਜ਼ਰ ਨਹੀਂ ਆ ਰਿਹਾ ਹੈ| ਸੀਲਿੰਗ ਦੀ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਮਾਸਟਰ ਪਲਾਨ ਵਿੱਚ ਕੁਝ ਸੋਧ ਕੀਤਾ ਵੀ ਗਿਆ ਸੀ ਪਰ ਸੁਪਰੀਮ ਕੋਰਟ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ| ਕਿਹਾ ਜਾ ਰਿਹਾ ਹੈ ਕਿ ਸੀਲਿੰਗ ਦਾ ਹੱਲ ਸਿਰਫ ਆਰਡੀਨੈਂਸ ਪਾਸ ਕਰ ਕੇ ਹੀ ਪਾਇਆ ਜਾ ਸਕਦਾ ਹੈ| ਮਾਸਟਰ ਪਲਾਨ ਵਿੱਚ ਸੋਧ ਕਰਨ ਨਾਲ ਇਸ ਦਾ ਕੋਈ ਹੱਲ ਨਹੀਂ ਨਿਕਲੇਗਾ| ਸੀਲਿੰਗ ਤੋਂ ਗੁੱਸਾਏ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਫੈਸਲਾ ਕੀਤਾ ਹੈ ਕਿ ਉਹ 13 ਮਾਰਚ ਨੂੰ ਦਿੱਲੀ ਬੰਦ ਕਰਨਗੇ| ਜੇਕਰ ਇਸ ਸੀਲਿੰਗ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਤਾਂ ਉਹ ਅੰਦੋਲਨ ਹੋਰ ਤੇਜ਼ ਕਰ ਦੇਣਗੇ| ਜ਼ਿਕਰਯੋਗ ਹੈ ਕਿ ਇਸ ਅੰਦੋਲਨ ਵਿੱਚ 100 ਤੋਂ ਵੀ ਜ਼ਿਆਦਾ ਸੰਗਠਨ ਸ਼ਾਮਲ ਹੋਣਗੇ|
ਸੀਲਿੰਗ ਦੀ ਸਮੱਸਿਆ 5 ਲੱਖ ਤੋਂ ਵਧ ਵਪਾਰਕ ਕੈਂਪਸਾਂ ਲਈ ਪ੍ਰੇਸ਼ਾਨੀ ਦਾ ਸਬਬ ਬਣ ਗਈ ਹੈ ਪਰ ਇਸ ਲਈ ਨਾ ਤਾਂ ਭਾਜਪਾ ਦੇ ਕੌਂਸਲਰ ਗੰਭੀਰ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ| ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਕੋਲ ਇਸ ਸਮੱਸਿਆ ਦਾ ਹੱਲ ਹੈ| ਉਹ ਆਰਡੀਨੈਂਸ ਲਿਆਏਗੀ ਤਾਂ ਸੀਲਿੰਗ ਮੁੱਦਾ ਸੁਲਝੇਗਾ| ਹਮੇਸ਼ਾ ਦੀ ਤਰ੍ਹਾਂ ਇਸ ਮਾਮਲੇ ਵਿੱਚ ਵੀ ਦੋਵੇਂ ਪਾਰਟੀਆਂ ਵੱਲੋਂ ਇਕ-ਦੂਜੇ ਤੇ ਦੋਸ਼ ਲਗਾਉਣ ਦਾ ਦੌਰ ਜਾਰੀ ਹੈ| ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ‘ਆਪ’ ਅਤੇ ਭਾਜਪਾ ਮਿਲ ਕੇ ਇਸ ਸਮੱਸਿਆ ਦਾ ਹੱਲ ਕਿਵੇਂ ਅਤੇ ਕਿੰਨੀ ਜਲਦੀ ਕੱਢਦੇ ਹਨ|

Leave a Reply

Your email address will not be published. Required fields are marked *