ਸੀ ਆਈ ਏ ਦੀ ਪਹਿਲੀ ਮਹਿਲਾ ਨਿਰਦੇਸ਼ਕ ਬਣੀ ਜਿਨਾ ਹਾਸਪੇਲ

ਵਾਸ਼ਿੰਗਟਨ, 18 ਮਈ (ਸ.ਬ.) ਅਮਰੀਕੀ ਸੈਨੇਟਰ ਨੇ ਜਿਨਾ ਹਾਸਪੇਲ ਨੂੰ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਦਾ ਅਗਲਾ ਨਿਰਦੇਸ਼ਕ ਬਣਾਏ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ| ਉਹ ਸੀ.ਆਈ.ਏ ਦੀ ਪਹਿਲੀ ਮਹਿਲਾ ਨਿਰਦੇਸ਼ਕ ਹੋਵੇਗੀ| ਅਮਰੀਕਾ ਵਿਚ 9/11 ਹਮਲੇ ਤੋਂ ਬਾਅਦ ਸੀਆਈਏ ਦੇ ਪੁੱਛਗਿੱਛ ਪ੍ਰੋਗਰਾਮ ਵਿਚ ਉਨ੍ਹਾਂ ਦੀ ਭੂਮਿਕਾ ਦੀ ਵਿਰੋਧੀ ਪੱਖ ਵੱਲੋਂ ਭਾਰੀ ਆਲੋਚਨਾ ਕੀਤੀ ਜਾ ਰਹੀ ਸੀ ਪਰ 6 ਡੈਮੋਕ੍ਰੇਟਿਕ ਸੈਨੇਟਰਾਂ ਦੇ ਸਮਰਥਨ ਨਾਲ ਉਨ੍ਹਾਂ ਨੇ 45 ਦੇ ਮੁਕਾਬਲੇ 54 ਵੋਟ ਹਾਸਲ ਕਰ ਕੇ ਜਿੱਤ ਹਾਸਲ ਕੀਤੀ|
ਸੀਆਈਏ ਦੇ ਅਗਲੇ ਨਿਰਦੇਸ਼ਕ ਅਹੁਦੇ ਲਈ ਜਿਨਾ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਮਜ਼ਦ ਕੀਤਾ ਸੀ| ਉਨ੍ਹਾਂ ਦੀ ਜਿੱਤ ਦੇ ਤੁਰੰਤ ਬਾਅਦ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ, ‘ਸਾਡੀ ਨਵੀਂ ਸੀਆਈਏ ਨਿਰਦੇਸ਼ਕ ਜਿਨਾ ਹਾਸਪੇਲ ਨੂੰ ਵਧਾਈ|’ ਦੇਸ਼ ਦੇ 70 ਸਾਲ ਦੇ ਇਤਿਹਾਸ ਵਿਚ ਸੀਆਈਏ ਦੀ ਉਹ ਪਹਿਲੀ ਮਹਿਲਾ ਨਿਰਦੇਸ਼ਕ ਹੋਵੇਗੀ| ਜਿਨਾ ਕਰੀਬ 3 ਦਹਾਕੇ ਤੋਂ ਸੀਆਈਏ ਅਧਿਕਾਰੀ ਹੈ ਅਤੇ ਜਲਦੀ ਹੀ ਸੀਆਈਏ ਮੁਖੀ ਦੇ ਤੌਰ ਤੇ ਸਹੁੰ ਚੁੱਕੇਗੀ| ਉਹ ਅਫਰੀਕਾ, ਯੂਰਪ ਅਤੇ ਵਿਸ਼ਵ ਵਿਚ ਕਈ ਖੁਫੀਆ ਥਾਵਾਂ ਤੇ ਕੰਮ ਕਰ ਚੁੱਕੀ ਹੈ| ਪਿਛਲੇ ਸਾਲ ਉਨ੍ਹਾਂ ਨੂੰ ਸੀਆਈਏ ਦਾ ਉਪ-ਨਿਰਦੇਸ਼ਕ ਚੁਣਿਆ ਗਿਆ ਸੀ|

Leave a Reply

Your email address will not be published. Required fields are marked *