ਸੀ ਐਸ ਡੀ ਕੰਟੀਨ ਵਿਚ ਸਮਾਨ ਮੁੱਕਿਆ, ਸਾਬਕਾ ਫੌਜੀ ਹੋਏ ਪ੍ਰੇਸ਼ਾਨ

ਸੀ ਐਸ ਡੀ ਕੰਟੀਨ ਵਿਚ ਸਮਾਨ ਮੁੱਕਿਆ, ਸਾਬਕਾ ਫੌਜੀ ਹੋਏ ਪ੍ਰੇਸ਼ਾਨ
ਨਵਾਂ ਸਮਾਨ ਤੁਰੰਤ ਮੰਗਵਾਇਆ ਜਾਵੇ : ਕਰਨਲ ਸੋਹੀ
ਐਸ. ਏ. ਐਸ. ਨਗਰ, 15 ਜੁਲਾਈ (ਸ.ਬ.) ਇੱਕ ਪਾਸੇ ਸਰਕਾਰ ਫੌਜੀਆਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮ ਦੇ ਬਹੁਤ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਫੌਜੀਆਂ ਅਤੇ ਸਾਬਕਾ ਫੌਜੀਆਂ ਦੇ ਲਈ ਬਣੀ ਸੀ ਐਸ ਡੀ ਕੰਟੀਨ ਵਿੱਚ ਫੌਜੀਆਂ ਦੇ ਪਰਿਵਾਰਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ, ਜਿਸ ਕਾਰਨ ਸਾਬਕਾ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ   ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਸਥਾਨਕ ਫੇਜ਼-10 ਵਿਚ ਸੈਨਿਕ ਸਦਨ ਦੇ ਨੇੜੇ ਸਥਿਤ ਸੀ ਐਸ ਡੀ ਕੰਟੀਨ ਵਿਚ ਵੀ ਸਾਰਾ ਸਮਾਨ ਖਤਮ ਹੋ ਗਿਆ ਹੈ, ਜਿਸ ਕਰਕੇ ਸਾਬਕਾ ਫੌਜੀਆਂ ਨੂੰ ਉਥੋਂ ਰਾਸ਼ਨ ਵੀ ਨਹੀਂ ਮਿਲ ਰਿਹਾ| ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਦੱਸਿਆ ਕਿ 1 ਜੁਲਾਈ ਤੋਂ ਜੀ ਐਸ ਟੀ ਲਾਗੂ ਹੋਣ ਤੋਂ ਬਾਅਦ ਸੀ ਐਸ ਡੀ ਕੰਟੀਨ ਵਿੱਚ ਕੋਈ ਵੀ ਨਵਾਂ ਸਮਾਨ ਨਹੀਂ ਆਇਆ ਜਿਸ ਕਰਕੇ ਉਥੇ ਘਰੇਲੂ ਸਾਮਾਨ ਲੈਣ ਆਏ ਸਾਬਕਾ ਫੌਜੀਆਂ ਨੂੰ ਨਿਰਾਸ਼ ਮੁੜਨਾ ਪੈ ਰਿਹਾ ਹੈ|
ਉਹਨਾਂ ਦਸਿਆ ਕਿ ਇਸ ਸੀ ਐਸ ਡੀ ਕੰਟੀਨ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਪਰੋਂ ਹਦਾਇਤਾਂ ਹਨ ਕਿ ਇਸ ਕੰਟੀਨ ਵਿੱਚੋਂ ਪਹਿਲਾਂ ਸਾਰਾ ਪੁਰਾਣਾ ਸਮਾਨ                       ਵੇਚਿਆ ਜਾਵੇ, ਫਿਰ ਹੀ ਨਵਾਂ ਸਮਾਨ ਆਵੇਗਾ| ਕਰਨਲ ਸੋਹੀ ਨੇ ਕਿਹਾ ਕਿ ਇਸ ਕੰਟੀਨ ਵਿੱਚ ਸਿਰਫ ਉਹੀ ਸਮਾਨ ਬਚਿਆ ਹੋਇਆ ਹੈ, ਜੋ ਕਿ ਵਿਕਦਾ ਹੀ ਨਹੀਂ ਜਾਂ ਫਿਰ ਸਰਦੀਆਂ ਵਿੱਚ ਹੀ ਵਿਕਦਾ ਹੈ| ਉਹਨਾਂ ਕਿਹਾ ਕਿ ਡਿਪੂ ਅਧਿਕਾਰੀ ਕਹਿੰਦੇ ਹਨ ਕਿ 20 ਜੁਲਾਈ ਤੱਕ ਨਵਾਂ ਸਮਾਨ ਆ   ਜਾਵੇਗਾ ਜੋ ਮੁਹਾਲੀ ਦੀ ਸੀ ਐਸ ਡੀ ਕੰਟੀਨ ਨੂੰ ਸਪਲਾਈ ਹੋਵੇਗਾ ਅਤੇ ਇਸ ਹਿਸਾਬ ਨਾਲ ਮੁਹਾਲੀ ਕੰਟੀਨ ਵਿੱਚ ਨਵਾਂ ਸਮਾਨ 30 ਜੁਲਾਈ ਤੱਕ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ|
ਉਹਨਾਂ ਕਿਹਾ ਕਿ ਸੀ ਐਸ ਡੀ ਕੰਟੀਨ ਦੇ ਕਰਮਚਾਰੀਆਂ ਦਾ ਰੁਜਗਾਰ ਵੀ ਖਤਰੇ ਵਿੱਚ ਹੈ| ਕਿਉਂਕਿ ਉਹਨਾਂ ਨੂੰ ਸੀ ਐਸ ਡੀ ਵਿੱਚੋਂ ਵਿਕੇ ਸਮਾਨ ਤੋਂ ਪ੍ਰਾਪਤ ਪੈਸਿਆਂ ਨਾਲ ਹੀ ਤਨਖਾਹ ਦਿਤੀ ਜਾਂਦੀ ਹੈ|
ਕਰਨਲ ਸੋਹੀ ਨੇ ਕਿਹਾ ਕਿ ਅਸਲ ਵਿੱਚ ਭਾਰਤ ਦਾ ਰਖਿਆ ਮੰਤਰੀ ਤੇ ਵਿੱਤ ਮੰਤਰੀ ਇਕ ਹੀ ਵਿਅਕਤੀ ਹੋਣ ਕਰਕੇ ਵੀ ਅਜਿਹਾ ਹੋ ਰਿਹਾ ਹੈ| ਇਹ ਹੀ ਕਾਰਨ ਹੈ ਕਿ ਵਪਾਰੀਆਂ ਉੱਪਰ ਲਾਗੂ ਕੀਤੇ ਜਾਣ ਵਾਲੇ ਕਾਨੂੰਨ ਫੌਜੀਆਂ ਅਤੇ ਸਾਬਕਾ ਫੌਜੀਆਂ ਉੱਪਰ ਲਾਗੂ ਕੀਤੇ ਜਾ ਰਹੇ ਹਨ|
ਉਹਨਾਂ ਮੰਗ ਕੀਤੀ ਕਿ ਫੇਜ਼-10 ਦੀ ਸੀ ਐਸ ਡੀ ਕੰਟੀਨ ਵਿੱਚ ਸਾਰਾ ਨਵਾਂ ਸਮਾਨ ਤੁਰੰਤ ਮੰਗਵਾਇਆ ਜਾਵੇ ਤਾਂ ਕਿ ਸਾਬਕਾ ਫੌਜੀ ਉੱਥੋਂ ਆਪਣੀ ਰੌਜਾਨਾ ਲੋੜ ਦਾ ਸਮਾਨ ਖਰੀਦ ਸਕਣ|

Leave a Reply

Your email address will not be published. Required fields are marked *