ਸੀ.ਬੀ.ਆਈ. ਵੱਲੋਂ ਸੂਰਤ ਦੇ ਬੈਂਕਾਂ ਵਿੱਚ ਛਾਪੇ

ਸੂਰਤ, 3 ਜਨਵਰੀ (ਸ.ਬ.) ਨੋਟਬੰਦੀ ਤੋਂ ਬਾਅਦ ਬੈਂਕਾਂ ਵਿੱਚ ਹੋਏ ਸ਼ੱਕੀ ਲੈਣ-ਦੇਣ ਦੇ ਸਿਲਸਿਲੇ ਵਿੱਚ ਕੇਂਦਰੀ ਜਾਂਚ ਬਿਊਰੋ ਨੇ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਦਿੱਤੀ ਸੂਰਤ ਪੀਪਲਜ਼ ਕੋ-ਆਪਰੇਟਿਵ ਬੈਂਕ ਦੀਆਂ ਵੱਖ-ਵੱਖ ਬਰਾਂਚਾਂ ਸਮੇਤ ਕਰੀਬ ਇਕ ਦਰਜਨ ਸਥਾਨਾਂ ਤੇ ਛਾਪੇਮਾਰੀ ਕੀਤੀ ਅਤੇ ਕੁੱਲ ਮਿਲਾ ਕੇ 60 ਕਰੋੜ ਰੁਪਏ ਤੋਂ ਵਧ ਦੇ ਲੈਣ-ਦੇਣ ਦੇ ਮਾਮਲਿਆਂ ਵਿੱਚ 2 ਸੀਨੀਅਰ ਬੈਂਕ ਅਧਿਕਾਰੀਆਂ ਸਮੇਤ ਕਈ ਲੋਕਾਂ ਦੇ ਖਿਲਾਫ 2 ਮਾਮਲੇ ਦਰਜ ਕੀਤੇ| ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਦੇ ਮੌਜੂਦਾ ਕਾਰਜਕਾਰੀ ਨਿਰਦੇਸ਼ਕ ਰਾਕੇਸ਼ ਸਥਾਨਾ ਕੁਝ ਸਮੇਂ ਪਹਿਲਾਂ ਸੂਰਤ ਦੇ ਪੁਲੀਸ ਕਮਿਸ਼ਨਰ ਰਹਿ ਚੁਕੇ ਹਨ| ਸੀ.ਬੀ.ਆਈ. ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਉਕਤ ਬੈਂਕ ਦੀ ਸਿਟੀਲਾਈਟ, ਅਡਾਜਨ, ਕਤਾਰਗਮ ਸਮੇਤ ਕਈ ਬਰਾਂਚਾਂ ਤੋਂ ਇਲਾਵਾ ਬੈਂਕ ਆਫ ਇੰਡੀਆ ਦੀ ਇਕ ਬਰਾਂਚ ਵਿੱਚ ਜਾਂਚ ਕੀਤੀ|
ਜ਼ਿਕਰਯੋਗ ਹੈ ਕਿ ਕਦੇ ਠੇਲੇ ਤੇ ਚਾਹ ਪਕੌੜੇ ਵੇਚਣ ਤੋਂ ਬਾਅਦ ਅਰਬਪਤੀ ਬਣ ਬੈਠੇ ਕਿਸ਼ੋਰ ਭਜੀਆਵਾਲਾ ਦੇ ਕਈ ਖਾਤੇ ਅਤੇ ਲਾਕਰ ਵੀ ਪੀਪਲਜ਼ ਕੋ-ਆਪਰੇਟਿਵ ਬੈਂਕ ਵਿੱਚ ਹੀ ਹਨ, ਜਿਨ੍ਹਾਂ ਦੀ ਆਮਦਨ ਟੈਕਸ ਜਾਂਚ ਦੌਰਾਨ ਕਰੋੜਾਂ ਦੀ ਨਕਦੀ ਅਤੇ ਸੋਨੇ ਚਾਂਦੀ ਆਦਿ ਦਾ ਪਤਾ ਲੱਗਾ ਸੀ| ਹਾਲਾਂਕਿ ਅੱਜ ਦੀ ਛਾਪੇਮਾਰੀ ਨਾਲ ਇਸ ਮਾਮਲੇ ਦਾ ਕੋਈ ਸਰੋਕਾਰ ਨਹੀਂ ਸੀ| ਇੱਥੇ ਸੋਨੇ-ਚਾਂਦੀ ਦੇ ਕਾਰੋਬਾਰੀਆਂ ਨਾਲ ਫਰਜ਼ੀ ਖਾਤੇ ਰਾਹੀਂ 60 ਕਰੋੜ ਰੁਪਏ ਦਾ ਆਰ.ਟੀ.ਜੀ.ਐਸ. ਕੀਤੇ ਜਾਣ ਦਾ ਮਾਮਲਾ ਵੀ ਆਮਦਨ ਟੈਕਸ ਦੀ ਨਜ਼ਰ ਵਿੱਚ ਆਇਆ ਸੀ ਅਤੇ ਅੱਜ ਦੀ ਛਾਪੇਮਾਰੀ ਇਸੇ ਸਿਲਸਿਲੇ ਵਿੱਚ ਸੀ| ਸਮਝਿਆ ਜਾਂਦਾ ਹੈ ਕਿ ਸੀ.ਬੀ.ਆਈ. ਨੇ ਇਸ ਪੜਤਾਲ ਦੌਰਾਨ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ| ਸੀ.ਬੀ.ਆਈ. ਨੇ ਅੱਜ ਜਾਰੀ ਰੀਲੀਜ਼ ਵਿੱਚ ਦੱਸਿਆ ਕਿ ਇਕ ਮਾਮਲੇ ਵਿੱਚ ਬੈਂਕ ਆਫ ਇੰਡੀਆ ਦੀ ਬਰਾਂਚ ਦੇ ਪ੍ਰਬੰਧਕ ਅਤੇ ਸੂਰਤ ਦੇ ਇਕ ਨਿੱਜੀ ਫਰਮ ਦੇ ਮਾਲਕ ਅਤੇ ਹੋਰ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ|
ਦੂਜੀ ਸ਼ਿਕਾਇਤ ਪੀਪਲਜ਼ ਕੋ-ਆਪਰੇਟਿਵ ਦੇ ਕਰਮਚਾਰੀਆਂ ਅਤੇ ਹੋਰ ਦੇ ਖਿਲਾਫ ਦਰਜ ਕੀਤੀ ਗਈ ਹੈ| ਇਕ ਮਾਮਲਾ 24.35 ਕਰੋੜ ਅਤੇ ਦੂਜਾ 36.17 ਕਰੋੜ ਦੇ ਗੈਰ-ਕਾਨੂੰਨੀ ਲੈਣ-ਦੇਣ ਨਾਲ ਜੁੜਿਆ ਹੈ| ਦੋਵੇਂ ਮਾਮਲੇ 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੋਏ ਸਨ| ਸੀ.ਬੀ.ਆਈ. ਇਸ ਸੰਬੰਧ ਵਿੱਚ ਅੱਗੇ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *