ਸੁਖਨਾ ਝੀਲ ਦੇ ਕੈਚਮੈਂਟ ਖੇਤਰ ਵਿੱਚ ਉਸਾਰੀਆਂ ਕਰਨ ਦੀ ਛੂਟ ਦੇਵੇ ਸਰਕਾਰ : ਬੌਬੀ ਕੰਬੋਜ

ਐਸ.ਏ.ਐਸ ਨਗਰ 26 ਅਗਸਤ  (ਸ.ਬ.) ਭਾਰਤੀ ਕਿਸਾਨ ਸੰਘ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਸ਼ਿੰਦਰ ਪਾਲ ਸਿੰਘ ਬੌਬੀ ਕੰਬੋਜ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੁਖਨਾ ਝੀਲ ਦੇ ਕੈਚਮੈਂਟ ਖੇਤਰ ਵਿੱਚ ਉਸਾਰੀਆਂ ਕਰਨ ਦੀ ਛੂਟ ਦਿੱਤੀ ਜਾਵੇ| 
ਇਸ ਸੰਬੰਧੀ ਸ੍ਰ. ਕੰਬੋਜ ਵਲੋਂ ਪਿੰਡ ਕੈਂਮਵਾਲਾ ਵਿਖੇ ਮਹਿੰਦਰ ਗੁੱਜਰ ਦੇ ਦਫਤਰ ਵਿਖੇ ਸਥਾਨਕ ਵਸਨੀਕਾਂ ਅਤੇ ਮੋਹਤਬਰਾਂ ਨਾਲ ਕੈਚਮੈਂਟ ਦੇ ਮੁੱਦੇ ਬਾਰੇ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਵਸਨੀਕਾਂ ਨੇ ਕਿਹਾ ਕਿ ਸਰਕਾਰ ਵਲੋਂ ਲਾਗੂ ਕੈਚਮੈਂਟ ਦਾ ਇਹ ਫੈਸਲਾ ਲੋਕ ਵਿਰੋਧੀ ਹੈ| 
ਮੀਟਿੰਗ ਵਿੱਚ ਗੁਰਨਾਮ ਸਿੰਘ ਨੇ ਦਸਿਆ ਕਿ ਜਦੋਂ ਇਹ ਸੁਖਨਾ ਝੀਲ ਬਣਾਈ ਗਈ ਸੀ ਉਸ ਸਮੇ ਕੈਂਮਵਾਲਾ ਦੀ 1665  ਕਨਾਲ ਜਮੀਨ ਅਤੇ ਮਨੀਮਾਜਰਾ ਦੀ 1360 ਕਨਾਲ ਜਮੀਨ ਅਕਵਾਇਰ ਕੀਤੀ ਗਈ ਸੀ ਜਿਸ ਵਿੱਚ ਹੁਣ ਝੀਲ ਮੌਜੂਦ ਹੈ| ਇਹ ਰਕਬਾ ਤਕਰੀਬਨ 380 ਏਕੜ ਬਣਦਾ ਹੈ| ਉਹਨਾਂ ਦੱਸਿਆ ਕਿ ਝੀਲ ਨੂੰ ਪਾਣੀ ਨਾਲ ਭਰਨ ਦੇ ਸਰੋਤ ਲਈ ਪਿੰਡ ਕਾਸਲ ਦੀ ਪਹਾੜ ਵਾਲੀ ਜਮੀਨ 2300 ਏਕੜ, ਸਕੇਤੜੀ, ਮਨਸਾਦੇਵੀ ਤੇ ਹੋਰ ਪਿੰਡਾਂ ਦੇ ਪਹਾੜ ਦੀ ਜਮੀਨ 3900 ਏਕੜ ਜਮੀਨ ਅਕਵਾਈਰ ਕਰਕੇ ਜੰਗਲਾਤ ਮਹਿਕਮੇ ਨੂੰ ਦਿੱਤੀ ਗਈ ਜਿਨ੍ਹਾਂ ਪਹਾੜਾਂ ਤੋਂ ਬਰਸਾਤੀ ਪਾਣੀ ਹੇਠਾਂ ਨਾਲੀਆਂ ਰਾਹੀਂ ਝੀਲ ਵਿੱਚ ਜਾਂਦਾ ਹੈ ਪਰੰਤੂ ਜਦੋਂ ਬਰਸਾਤ ਜਿਆਦਾ ਹੁੰਦੀ ਹੈ ਤਾਂ ਝੀਲ ਦਾ ਪਾਣੀ ਉਵਰਫਲੋ ਹੁੰਦਾ ਹੈ| ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਝੀਲ ਦੇ ਉਵਰਫਲੋ ਹੋਣ ਕਾਰਨ ਅੱਗੇ ਪਾਣੀ ਛੱਡਣਾ ਪਿਆ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ| 
ਸ੍ਰ. ਕੰਬੋਜ ਨੇ ਕਿਹਾ ਕਿ ਮਾਨਯੋਗ ਕੋਰਟ ਵਲੋਂ ਫੈਸਲਾ ਦਿੱਤਾ ਗਿਆ ਹੈ ਕਿ ਇਹਨਾਂ ਸਾਰੇ ਪਿੰਡਾਂ ਤੇ ਕੈਚਮੈਂਟ ਦੀ ਧਾਰਾ ਲਗਾ ਕੇ ਬਣੇ ਮਕਾਨ ਢਾਹ ਦਿੱਤੇ ਜਾਣ ਜਿਸ ਕਾਰਨ ਇਸ ਖੇਤਰ ਦੇ ਵਸਨੀਕਾਂ ਤੇ ਉਜਾੜੇ ਦੀ ਤਲਵਾਰ ਲਮਕ ਰਹੀ ਹੈ| ਉਹਨਾਂ ਕਿਹਾ ਕਿ ਭਾਰਤੀ ਕਿਸਾਨ ਸੰਘ ਵਲੋਂ ਇਸ ਸੰਬੰਧੀ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਕੈਚਮੈਂਟ ਦੀ ਧਾਰਾ ਹਟਾਉਣ ਲਈ ਗਵਰਨਰ ਸਾਹਿਬ ਦੇ ਰਾਂਹੀ ਮੰਗ ਪੱਤਰ ਭਿਜਵਾਇਆ ਜਾਵੇਗਾ| 
ਇਸ ਮੌਕੇ ਜੋਗਿੰਦਰ ਗੁੱਜਰ, ਸਰਬਜੀਤ ਸਿੰਘ, ਸ਼ਾਮ ਲਾਲ ਗੁਜੱਰ ਸਾਬਕਾ ਕੌਸਲਰ ਕਾਂਸਲ, ਬਲਬੀਰ ਸਿੰਘ, ਸ਼ੇਰ ਸਿੰਘ ਖੁਢਾ ਅਲੀਸ਼ੇਰ, ਜਸਵਿੰਦਰ ਸਿੰਘ ਵੀ ਹਾਜਰ ਸਨ|

Leave a Reply

Your email address will not be published. Required fields are marked *