ਸੁਖਪਾਲ ਖਹਿਰਾ ਦੀ ਅਗਵਾਈ ਵਿੱਚ ਹੋਣ ਵਾਲੀ ਨਵੀਂ ਸਿਆਸੀ ਮੋਰਚਾਬੰਦੀ ਨਾਲ ਲੋਕਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਹੋਵੇਗਾ ਨੁਕਸਾਨ, ਕਾਂਗਰਸ ਰਹੇਗੀ ਫਾਇਦੇ ਵਿੱਚ

ਐਸ ਏ ਐਸ ਨਗਰ, 9 ਨਵੰਬਰ (ਭੁਪਿੰਦਰ ਸਿੰਘ) ਆਮ ਆਦਮੀ ਪਾਰਟੀ ਦੀ ਕੇਂਦਰੀ ਅਗਵਾਈ ਵਲੋਂ ਪੰਜਾਬ ਵਿੱਚ ਪਾਰਟੀ ਦੀ ਬਗਾਵਤ ਨੂੰ ਕਾਬੂ ਕਰਨ ਲਈ ਆਪਣੇ ਦੋ ਵਿਧਾਇਕਾਂ ਸਤਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਏ ਜਾਣ ਤੋਂ ਬਾਅਦ ਹੁਣ ਇਹ ਲਗਭਗ ਤੈਅ ਹੈ ਕਿ ਸ੍ਰ. ਸੁਖਪਾਲ ਸਿੰਘ ਖਹਿਰਾ ਵਲੋਂ ਛੇਤੀ ਹੀ ਆਪਣੀ ਨਵੀਂ ਪਾਰਟੀ ਬਣਾ ਕੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਖੁਦ ਨੂੰ ਤੀਜੇ ਬਦਲ ਵਜੋਂ ਉਭਾਰਨ ਲਈ ਜਿਹੜਾ ਨਵਾਂ ਮੋਰਚਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ| ਇਸ ਨਵੀਂ ਮੋਰਚਾਬੰਦੀ ਨਾਲ ਸ੍ਰ. ਖਹਿਰਾ ਅਤੇ ਉਹਨਾਂ ਦੇ ਸਾਥੀਆਂ ਨੂੰ ਕਿੰਨੀ ਕੁ ਸਿਆਸੀ ਤਾਕਤ ਹਾਸਿਲ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਮੌਜੂਦਾ ਰਾਜਨੀਤਿਕ ਸਮਾਜਿਕ ਹਾਲਤ ਵਿੱਚ ਸਿਆਸੀ ਤੌਰ ਤੇ ਉਭਰਨ ਵਾਲੀ ਇਸ ਨਵੀਂ ਸਿਆਸੀ ਸਫੇਬੰਦੀ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਹੁੰਦਾ ਦਿਖ ਰਿਹਾ ਹੈ ਜਦੋਂਕਿ ਦੂਜੇ ਪਾਸੇ ਪਿਛਲੇ 10 ਸਾਲਾਂ ਤੱਕ ਪੰਜਾਬ ਦੀ ਸੱਤਾ ਤੇ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਇਸਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ| ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਤਾਂ ਬੁਰੀ ਤਰ੍ਹਾਂ ਪਾਟੋਧਾੜ ਹੋਣ ਕਾਰਨ ਇਸਦਾ ਤਾਂ ਪੂਰਾ ਵਜੂਦ ਹੀ ਖਤਰੇ ਵਿੱਚ ਦਿਖ ਰਿਹਾ ਹੈ|
ਇਹ ਗੱਲ ਸੁਣਨ ਵਿੱਚ ਅਜੀਬ ਲੱਗਦੀ ਹੈ ਕਿ ਸੂਬੇ ਵਿੱਚ ਬਣਨ ਵਾਲੀ ਇਸ ਨਵੀਂ ਸਿਆਸੀ ਸਫੇਬੰਦੀ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਹੋ ਸਕਦਾ ਹੈ| ਪਰੰਤੂ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸ੍ਰ. ਖਹਿਰਾ ਦੀ ਅਗਵਾਈ ਵਿੱਚ ਕਾਇਮ ਹੋਣ ਵਾਲੇ ਇਸ ਨਵੇਂ ਮੋਰਚੇ ਨਾਲ (ਹਾਲ ਦੀ ਘੜੀ) ਸਭਤੋਂ ਵੱਧ ਫਾਇਦਾ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਹੀ ਮਿਲਣਾ ਹੈ| ਇਸਦਾ ਕਾਰਨ ਇਹ ਹੈ ਜਿੱਥੇ ਇਸ ਨਵੇਂ ਮੋਰਚੇ ਦੇ ਬਰਗਾੜੀ ਮੋਰਚੇ ਵਿੱਚੋਂ ਨਿਕਲਣ ਕਾਰਨ ਇਸਨੂੰ ਮਿਲਣ ਵਾਲਾ ਸਿੱਖ ਹਲਕਿਆਂ ਦਾ ਸਮਰਥਨ ਜਿੱਥੇ ਅਕਾਲੀ ਦਲ ਲਈ ਨੁਕਸਾਨਦੇਹ ਸਾਬਿਤ ਹੋਣਾ ਹੈ ਉੱਥੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੋਂ ਦੁਖੀ ਹੋਏ ਲੋਕਾਂ ਦਾ ਸਮਰਥਨ ਵੀ ਇਸੇ ਮੋਰਚੇ ਨੂੰ ਹਾਸਿਲ ਹੋਣਾ ਹੈ|
ਸਿਆਸੀ ਮਾਹਿਰ ਮੰਨ ਰਹੇ ਹਨ ਕਿ ਆਉਣ ਵਾਲੀਆਂ ਲੋਕਸਭਾ ਚੋਣਾ ਦੌਰਾਨ ਇਸ ਨਵੇਂ ਮੋਰਚੇ ਦੀ ਭੂਮਿਕਾ ਕਾਫੀ ਹੱਦ ਤਕ 2007 ਦੀਆਂ ਵਿਧਾਨਸਭਾ ਚੋਣਾ ਦੌਰਾਨ ਪੰਜਾਬ ਪੀਪਲਸ ਪਾਰਟੀ ਵਰਗੀ ਹੀ ਹੋਵੇਗੀ ਜਿਸਨੂੰ ਆਮ ਜਨਤਾ ਵਿੱਚ ਸਰਕਾਰ ਦੇ ਖਿਲਾਫ ਫੈਲੀ ਨਾਰਾਜਗੀ ਦਾ ਫਾਇਦਾ ਤਾਂ ਹਾਸਿਲ ਹੋਵੇਗਾ ਪਰੰਤੂ ਆਮ ਲੋਕਾਂ ਦਾ ਲੋੜੀਂਦਾ ਸਮਰਥਨ ਹਾਸਿਲ ਨਾ ਕਰ ਸਕਣ ਕਾਰਨ ਉਹ ਸੱਤਾਧਾਰੀ ਪਾਰਟੀ ਨੂੰ ਹੀ ਫਾਇਦਾ ਪਹੁੰਚਾਉਣ ਵਾਲੀ ਸਾਬਿਤ ਹੋਵੇਗੀ| 2007 ਵਿੱਚ ਮੌਜੂਦਾ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਵਲੋਂ ਜਦੋਂ ਅਕਾਲੀ ਦਲ ਤੋਂ ਬਾਗੀ ਹੋ ਕੇ ਗਠਿਤ ਕੀਤੀ ਗਈ ਪੰਜਾਬ ਪੀਪਲਸ ਪਾਰਟੀ ਨੂੰ ਮਿਲਣ ਵਾਲੀਆਂ ਵੋਟਾਂ ਨੇ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਅਕਾਲੀ ਦਲ ਨੂੰ ਹੀ ਫਾਇਦਾ ਪਹੁੰਚਾਇਆ ਸੀ ਕਿਉਂਕਿ ਸਰਕਾਰ ਦੇ ਖਿਲਾਫ ਗੁੱਸੇ ਵਿੱਚ ਚਲ ਰਹੀ ਜਨਤਾ ਨੇ ਕਾਂਗਰਸ ਦੀ ਥਾਂ ਪੰਜਾਬ ਪੀਪਲਸ ਪਾਰਟੀ ਨੂੰ ਵੋਟਾਂ ਪਾਈਆਂ ਸਨ ਅਤੇ ਇਸਦਾ ਨਤੀਜਾ ਇਹ ਹੋਇਆ ਸੀ ਕਿ ਅਕਾਲੀ ਦਲ ਨੂੰ ਮੁੜ ਜਿੱਤ ਹਾਸਿਲ ਹੋ ਗਈ ਸੀ| ਹੁਣ ਵੀ ਘਟਨਾਚੱਕਰ ਕੁੱਝ ਉਸੇ ਤਰੀਕੇ ਨਾਲ ਕਰਵਟ ਲੈਂਦਾ ਦਿਖ ਰਿਹਾ ਹੈ ਅਤੇ ਜੇਕਰ ਸ੍ਰ. ਖਹਿਰਾ ਦੀ ਅਗਵਾਈ ਵਿੱਚ ਕੋਈ ਨਵੀਂ ਸਿਆਸੀ ਮੋਰਚਾਬੰਦੀ ਹੁੰਦੀ ਹੈ ਤਾਂ ਉਸਦਾ ਫਾਇਦਾ (ਆਉਣ ਵਾਲੀਆਂ ਲੋਕਸਭਾ ਚੋਣਾ ਦੌਰਾਨ) ਕਾਂਗਰਸ ਪਾਰਟੀ ਨੂੰ ਮਿਲਣਾ ਤੈਅ ਲੱਗ ਰਿਹਾ ਹੈ|
ਪਿਛਲੇ ਸਮੇਂ ਦੌਰਾਨ ਬਰਗਾੜੀ ਮੋਰਚੇ ਵਿੱਚ ਸ਼ਾਮਿਲ (ਅਤੇ ਪ੍ਰਮੁੱਖਤਾ ਨਾਲ ਸਰਗਰਮ) ਹੋ ਕੇ ਸ੍ਰੀ ਖਹਿਰਾ ਅਤੇ ਉਹਨਾਂ ਦੇ ਸਿਆਸੀ ਸਾਥੀਆਂ ਨੂੰ ਗਰਮਖਿਆਲੀ ਸਿੱਖ ਜੱਥੇਬੰਦੀਆਂ ਦਾ ਸਮਰਥਨ ਵੀ ਮਿਲਦਾ ਦਿਖ ਰਿਹਾ ਹੈ ਅਤੇ ਇਹ ਵੋਟਾਂ ਹੁਣ ਆਮ ਆਦਮੀ ਪਾਰਟੀ ਦੀ ਝੋਲੀ ਤੋਂ ਨਿਕਲ ਕੇ ਖਹਿਰਾ ਦੀ ਅਗਵਾਈ ਵਾਲੇ ਮੋਰਚੇ ਵੱਲ ਜਾ ਸਕਦੀਆਂ ਹਨ| ਇਹਨਾਂ ਵੋਟਾਂ ਦਾ ਇੱਕ ਵੱਡਾ ਹਿੱਸਾ ਪਹਿਲਾਂ ਅਕਾਲੀ ਦਲ ਦੇ ਪੱਖ ਵਿੱਚ ਹੀ ਭੁਗਤਦਾ ਰਿਹਾ ਹੈ ਪਰੰਤੂ ਇਸ ਵਾਰ ਜਿਸ ਤਰੀਕੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਬਰਗਾੜੀ ਕਾਂਡ ਲਈ ਜਿੰਮੇਵਾਰ ਠਹਿਰਾਉਣ ਦੇ ਯਤਨ ਹੋ ਰਹੇ ਹਨ ਉਸ ਨਾਲ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੁੰਦਾ ਦਿਖ ਰਿਹਾ ਹੈ|
ਦੂਜੇ ਪਾਸੇ ਇਹ ਹਾਲਾਤ ਕਾਂਗਰਸ ਪਾਰਟੀ ਲਈ ਸਾਜਗਾਰ ਦਿਖ ਰਹੇ ਹਨ ਕਿਉਂਕਿ ਗਰਮਖਿਆਲੀ ਸਿੱਖਾਂ ਵਲੋਂ ਖਹਿਰਾ ਧੜੇ ਨੂੰ ਦਿੱਤੇ ਜਾਣ ਵਾਲੇ ਇਸ ਸਮਰਥਨ ਤੋਂ ਬਾਅਦ ਹਿੰਦੂ ਵੋਟਾਂ ਦਾ ਕਾਂਗਰਸ ਦੇ ਹੱਕ ਵਿੱਚ ਜਾਣਾ ਲਗਭਗ ਤੈਅ ਦਿਖ ਰਿਹਾ ਹੈ| ਅਕਾਲੀ ਦਲ ਲਈ ਵੱਡੇ ਖਤਰੇ ਦੀ ਗੱਲ ਇਹ ਵੀ ਹੈ ਕਿ ਉਸਦੇ ਬਾਗੀ ਆਗੂ ਹੁਣ ਇਸ ਨਵੇਂ ਮੋਰਚੇ ਵਿੱਚ ਸ਼ਾਮਿਲ ਹੋ ਸਕਦੇ ਹਨ ਜਿਸ ਨਾਲ ਅਕਾਲੀ ਦਲ ਨੂੰ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ| ਸਿਆਸੀ ਮਾਹਿਰ ਕਹਿੰਦੇ ਹਨ ਕਿ ਅਕਾਲੀ ਦਲ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸ੍ਰ. ਸੇਵਾ ਸਿੰਘ ਸੇਖਵਾਂ ਦਾ ਬਰਗਾੜੀ ਮੋਰਚੇ ਦੇ ਹੱਕ ਵਿੱਚ ਜਾਣਾ ਲਗਭਗ ਤੈਅ ਹੈ ਅਤੇ ਇਸਦੇ ਨਾਲ ਹੀ ਹੋਰ ਕਈ ਅਕਾਲੀ ਆਗੂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਛੱਡ ਕੇ ਨਵੇਂ ਮੋਰਚੇ ਦਾ ਪੱਲਾ ਫੜ ਸਕਦੇ ਹਨ|
ਹਾਲਾਂਕਿ ਇਹ ਸਾਰਾ ਕੁੱਝ ਸਮੇਂ ਤੋਂ ਪਹਿਲਾਂ ਕੀਤੀ ਜਾਣ ਵਾਲੀ ਗੱਲ ਹੈ ਅਤੇ ਸਿਆਸਤ ਵਿੱਚ ਕਦੋਂ ਕੀ ਬਦਲ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ ਪਰੰਤੂ ਮੌਜੂਦਾ ਸਿਆਸੀ ਹਾਲਾਤ ਇਸੇ ਪਾਸੇ ਇਸ਼ਾਰਾ ਕਰਦੇ ਦਿਖ ਰਹੇ ਹਨ| ਵੇਖਣਾ ਇਹ ਹੈ ਕਿ ਬਦਲ ਰਹੇ ਇਸ ਰਾਜਨੀਤਿਕ ਘਟਨਾਚੱਕਰ ਵਿੱਚ ਅਕਾਲੀ ਦਲ ਖੁਦ ਨੂੰ ਸੰਭਾਲਣ ਵਿੱਚ ਕਿਸ ਹੱਦ ਤੱਕ ਕਾਮਯਾਬ ਰਹਿੰਦਾ ਹੈ|

Leave a Reply

Your email address will not be published. Required fields are marked *