ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿੱਚ ਪਾਰਟੀ ਦੀ ਵੱਡੀ ਰੈਲੀ ਕਰਕੇ ਆਪਣੀ ਤਾਕਤ ਵਿਖਾਈ

ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿੱਚ ਪਾਰਟੀ ਦੀ ਵੱਡੀ ਰੈਲੀ ਕਰਕੇ ਆਪਣੀ ਤਾਕਤ ਵਿਖਾਈ
ਆਉਣ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਨਜਰ ਆਏਗਾ ਅਕਾਲੀਆਂ ਦੀ ਵੱਧਦੀ ਤਾਕਤ ਦਾ ਅਸਰ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 22 ਮਾਰਚ

ਬੀਤੇ ਦਿਨੀਂ ਚੰਡੀਗੜ੍ਹ ਵਿੱਚ ਆਸ ਨਾਲੋਂ ਵੱਡੀ ਰੈਲੀ ਕਰਕੇ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਇੱਕ ਸਾਲ ਪਹਿਲਾਂ ਸੂਬੇ ਦੀ ਸੱਤਾ ਤੇ ਕਾਬਿਜ ਹੋਈ ਕਾਂਗਰਸ ਪਾਰਟੀ ਨੂੰ ਵੱਡੀ ਚੁਣੌਤੀ ਦਿੱਤੀ ਹੈ ਉੱਥੇ ਇਸ ਰੈਲੀ ਦੀ ਸਫਲਤਾ ਨੇ ਸੁਖਬੀਰ ਬਾਦਲ ਦੀ ਪਾਰਟੀ ਉੱਪਰ ਭਰਪੂਰ ਪਕੜ ਨੂੰ ਵੀ ਜਾਹਿਰ ਕੀਤਾ ਹੈ| ਪੰਜਾਬ ਵਿੱਚ ਸੱਤਾ ਵਿੱਚ ਹੋਈ ਤਬਦੀਲੀ ਤੋਂ ਬਾਅਦ ਇਸਨੂੰ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸ ਸਰਕਾਰ ਦੇ ਖਿਲਾਫ ਕੀਤਾ ਗਿਆ ਪਹਿਲਾ ਵੱਡਾ ਸੰਘਰਸ਼ ਕਿਹਾ ਜਾ ਸਕਦਾ ਹੈ ਜਿਸ ਦੌਰਾਨ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਆਏ (ਵੱਡੀ ਗਿਣਤੀ) ਅਕਾਲੀ ਆਗੂਆਂ ਅਤੇ ਵਰਕਰਾਂ ਨੇ ਇੱਕ ਸੁਰ ਵਿੱਚ ਕਾਂਗਰਸ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਹੈ|
ਹਾਲਾਂਕਿ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਖੋਲਦਿਆਂ ਪਹਿਲਾਂ ਹੀ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰੰਤੂ ਚੰਡੀਗੜ੍ਹ ਵਿੱਚ ਬੀਤੇ ਕੱਲ ਕਿਸਾਨਾਂ ਦੀ ਕਰਜਾ ਮਾਫੀ ਦੀ ਮੰਗ ਨੂੰ ਲੈ ਕੇ ਕੀਤੀ ਗਈ ਇਸ ਵੱਡੀ ਰੈਲੀ ਅਤੇ ਵਿਧਾਨਸਭਾ ਵੱਲ ਮਾਰਚ ਕਰਕੇ ਅਕਾਲੀ ਦਲ ਨੇ ਜਿੱਥੇ ਕਾਂਗਰਸ ਪਾਰਟੀ ਨੂੰ ਸਿੱਧੇ ਰੂਪ ਵਿੱਚ ਵੰਗਾਰਿਆ ਹੈ ਉੱਥੇ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕਿਸਾਨਾਂ ਦੇ ਇੱਕ ਵਰਗ ਦੀ ਕਰਜਾ ਮਾਫੀ ਲਈ ਕੀਤੀ ਗਈ ਕਾਰਵਾਈ ਕਾਰਨ ਅਕਾਲੀ ਦਲ ਦੇ ਆਧਾਰ ਨੂੰ ਲਗਣ ਵਾਲੇ ਖੋਰੇ ਨੂੰ ਰੋਕਣ ਦਾ ਵੀ ਯਤਨ ਕੀਤਾ ਹੈ| ਅਕਾਲੀ ਦਲ ਸ਼ੁਰੂ ਤੋਂ ਹੀ ਖੁਦ ਨੂੰ ਕਿਸਾਨਾਂ ਦੀ ਸਭਤੋਂ ਵੱਡੀ ਹਮਦਰਦ ਪਾਰਟੀ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦਾ ਆਇਆ ਹੈ ਅਤੇ ਪਿਛਲੇ ਸਮੇਂ ਦੌਰਾਨ ਜਦੋਂ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੇ ਇੱਕ ਲੱਖ ਰੁਪਏ ਤਕ ਦੇ ਕਰਜੇ ਮਾਫ ਕਰਨ ਦਾ ਐਲਾਨ ਹੋਇਆ ਸੀ ਤਾਂ ਇਸ ਸੰਬੰਧੀ ਸਭਤੋਂ ਵੱਧ ਬੇਚੈਨੀ ਅਕਾਲੀ ਦਲ ਦੇ ਆਗੂਆਂ ਵਿੱਚ ਹੀ ਦੇਖੀ ਗਈ ਸੀ| ਪਿਛਲੇ ਦਸ ਸਾਲਾਂ ਤਕ ਪੰਜਾਬ ਦੀ ਸੱਤਾ ਦਾ ਸੁਖ ਮਾਨਣ ਵਾਲੇ ਅਕਾਲੀ ਦਲ ਵਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕਦੇ ਵੀ ਕਿਸਾਨਾਂ ਦੇ ਕਰਜੇ ਮਾਫ ਕਰਨ ਦੀ ਗੱਲ ਨਹੀਂ ਕੀਤੀ ਗਈ ਪਰੰਤੂ ਹੁਣ ਉਸ ਵਲੋਂ ਇਸ ਮੁੱਦੇ ਤੇ ਕਾਂਗਰਸ ਪਾਰਟੀ ਨੂੰ ਘੇਰਨ ਲਈ ਸਰਕਾਰ ਦੇ ਖਿਲਾਫ ਤਕੜਾ ਸੰਘਰਸ਼ ਛੇੜ ਦਿੱਤਾ ਗਿਆ ਹੈ|
ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਜਿਹੇ ਹਨ ਕਿ ਅਕਾਲੀ ਦਲ ਵਲੋਂ ਇਸ ਤਰੀਕੇ ਨਾਲ ਹਮਲਾਵਰ ਹੋ ਕੇ ਕਾਂਗਰਸ ਸਰਕਾਰ ਦੇ ਖਿਲਾਫ ਕੀਤੀ ਜਾਣ ਵਾਲੀ ਇਸ ਕਾਰਵਾਈ ਉਸਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ| ਇਸਨੂੰ ਅਕਾਲੀ ਦਲ ਵਲੋਂ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ| ਪੰਜਾਬ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਭਾਵੇਂ ਆਮ ਆਦਮੀ ਪਾਰਟੀ ਕੋਲ ਹੈ ਪਰੰਤੂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠਿਆ ਉੱਪਰ ਨਸ਼ਿਆਂ ਦਾ ਸੌਦਾਗਰ ਹੋਣ ਸੰਬੰਧੀ ਲਗਾਏ ਗਏ ਇਲਜਾਮਾਂ ਬਾਰੇ ਅਦਾਲਤ ਵਿੱਚ ਲਿਖਤੀ ਮਾਫੀ ਮੰਗੇ ਜਾਣ ਤੋਂ ਬਾਅਦ ਇਸਦੇ ਆਗੂਆਂ ਦਾ ਜਿਹੜਾ ਆਪਸੀ ਕਾਟੋ ਕਲੇਸ਼ ਛਿੜ ਗਿਆ ਹੈ ਉਸਨੇ ਆਮ ਆਦਮੀ ਪਾਰਟੀ ਦੀ ਹਾਲਤ ਪਤਲੀ ਕਰ ਦਿੱਤੀ ਹੈ| ਜਾਹਿਰ ਤੌਰ ਤੇ ਆਮ ਆਦਮੀ ਪਾਰਟੀ ਦੇ ਕਮਜੋਰ ਹੋਣ ਦਾ ਸਿੱਧਾ ਫਾਇਦਾ ਅਕਾਲੀ ਦਲ ਨੂੰ ਮਿਲ ਰਿਹਾ ਹੈ| ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਆਮ ਲੋਕਾਂ ਦੀਆਂ ਆਸਾਂ ਤੇ ਖਰੀ ਉਤਰਨ ਵਿੱਚ ਕਾਫੀ ਹੱਦ ਤਕ ਨਾਕਾਮ ਰਹੀ ਹੈ ਅਤੇ ਸਰਕਾਰ ਦੀ ਕਾਰਗੁਜਾਰੀ ਖਿਲਾਫ ਲੋਕਾਂ ਵਿੱਚ ਵੱਧਦਾ ਰੋਸ ਸੜਕਾਂ ਤੇ ਵੀ ਦਿਖਣ ਲੱਗ ਗਿਆ ਹੈ| ਅਜਿਹੀ ਹਾਲਤ ਵਿੱਚ ਅਕਾਲੀ ਦਲ ਵਲੋਂ ਕੀਤੀ ਜਾਣ ਵਾਲੀ ਇਹ ਸਿਆਸੀ ਲੜਾਈ ਆਉਣ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਉਸ ਲਈ ਵੱਡੇ ਫਾਇਦੇ ਦਾ ਸੌਦਾ ਬਣ ਸਕਦੀ ਹੈ ਅਤੇ ਵੇਖਣਾ ਇਹ ਹੈ ਕਿ ਅਕਾਲੀ ਦਲ ਕਾਂਗਰਸ ਸਰਕਾਰ ਦੇ ਖਿਲਾਫ ਛੇੜੀ ਆਪਣੀ ਇਸ ਸਿਆਸੀ ਲੜਾਈ ਨੂੰ ਕਿਸ ਮੁਕਾਮ ਤਕ ਪਹੁੰਚਾਉਣ ਦਾ ਸਮਰਥ ਹੁੰਦਾ ਹੈ|

Leave a Reply

Your email address will not be published. Required fields are marked *