ਸੁਣਨ ਤੋਂ ਅਸਮਰੱਥ ਵੋਟਰਾਂ ਨੂੰ ਜਾਗਰੂਕ ਕਰੇਗੀ ਮੋਬਾਇਲ ਐਪ

ਐਸ.ਏ.ਐਸ. ਨਗਰ, 15 ਮਈ (ਸ.ਬ.) ਸੁਣਨ ਤੋਂ ਅਸਮਰੱਥ ਜਾਂ ਮੁਸ਼ਕਿਲ ਨਾਲ ਸੁਣਨ ਵਾਲੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੁੱਖ ਚੋਣ ਅਫਸਰ ਦਫਤਰ ਵੱਲੋਂ ‘ਵੋਟਰ ਹੈਲਪਲਾਈਨ ਇਨ ਆਈ.ਐਸ.ਐਲ’ ਨਾਂ ਦੀ ਮੋਬਾਇਲ ਐਪ ਤਿਆਰ ਕਰਵਾਈ ਗਈ ਹੈ ਤਾਂ ਜੋ ਵੋਟਿੰਗ ਪ੍ਰਕਿਰਿਆ ਵਿੱਚ ਅਜਿਹੇ ਵੋਟਰਾਂ ਦੀ ਸੌ ਫੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਐਸ.ਏ.ਐਸ. ਨਗਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਐਪ ਦਾ ਮਕਸਦ ਸੁਣਨ ਤੋਂ ਅਸਮਰੱਥ/ ਮੁਸ਼ਕਲ ਨਾਲ ਸੁਣਨ ਵਾਲੇ ਵੋਟਰਾਂ ਦਾ ਸ਼ਕਤੀਕਰਨ ਕਰਨਾ ਹੈ ਤਾਂ ਜੋ ਉਹ ਲੋਕ ਸਭਾ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ, ਜ਼ਿੰਮੇਵਾਰੀ ਅਤੇ ਰੋਲ ਨੂੰ ਸਮਝ ਸਕਣ ਅਤੇ ਵੋਟ ਪਾ ਕੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਯੋਗਦਾਨ ਪਾ ਸਕਣ|
ਉਨ੍ਹਾਂ ਇਸ ਮੌਕੇ ਸੁਣਨ ਤੋਂ ਅਸਮਰੱਥ/ ਮੁਸ਼ਕਲ ਨਾਲ ਸੁਣਨ ਵਾਲੇ ਵੋਟਰਾਂ ਸਮੇਤ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਵਿਧਾਨਕ ਹੱਕ ਵੋਟ ਦੀ ਵਰਤੋਂ ਜ਼ਰੂਰ ਕਰਨ ਅਤੇ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਕਰਨ|

Leave a Reply

Your email address will not be published. Required fields are marked *