ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ ਹਾਥਰਸ ਕਾਂਡ ਦੀ ਜਾਂਚ : ਬੱਬੀ ਬਾਦਲ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਨੌਜਵਾਨਾਂ ਵਲੋਂ ਕੈਂਡਲ ਮਾਰਚ


ਐਸ.ਏ.ਐਸ.ਨਗਰ, 5 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਦਲਿਤ ਪਰਿਵਾਰ ਦੀ ਲੜਕੀ ਨਾਲ ਵਹਿਸ਼ਿਆਨਾ ਤਰੀਕੇ ਨਾਲ ਕੀਤੇ ਗਏ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਵਿਅਕਤੀ ਅਜਿਹੀ ਘਿਨੋਣੀ  ਹਰਕਤ ਨੂੰ ਅੰਜਾਮ ਨਾ ਦੇ ਸਕੇ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਨੌਜਵਾਨ ਵੀਰਾਂ ਅਤੇ ਬੀਬੀਆਂ ਵੱਲੋਂ ਸਥਾਨਕ ਫੇਜ਼ 7 ਵਿੱਚ ਕੈਂਡਲ ਰੋਸ ਮਾਰਚ ਕੱਢਦਿਆਂ ਆਖੇ|
ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੀੜਤਾ ਨਾਲ ਚਾਰ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ, ਉਸਦੀ ਜੀਭ ਵੀ ਕੱਟ ਦਿੱਤੀ ਅਤੇ ਉਸ ਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ ਗਈ| ਪੀੜਤ ਲੜਕੀ ਕਈ ਦਿਨ ਹਸਪਤਾਲ ਵਿੱਚ ਤੜਫਦੀ ਰਹੀ ਅਤੇ ਆਖਰਕਾਰ ਉਸ ਦੀ ਮੌਤ ਹੋ ਗਈ| ਉਹਨਾਂ ਕਿਹਾ ਕਿ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਪੁਲੀਸ ਨੇ ਮ੍ਰਿਤਕ ਲੜਕੀ ਦਾ ਸੰਸਕਾਰ ਵੀ ਉਸ ਦੇ ਮਾਪਿਆਂ ਨੂੰ ਸੱਦੇ ਬਗੈਰ ਹੀ ਅੱਧੀ ਰਾਤ ਨੂੰ ਕਰ ਦਿੱਤਾ ਅਤੇ ਯੂ. ਪੀ. ਪੁਲੀਸ ਨੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਦਿਆਂ ਪੀੜਤ ਪਰਿਵਾਰ ਨੂੰ ਕਈ ਦਿਨ ਘਰ ਵਿੱਚ ਨਜ਼ਰਬੰਦ ਰੱਖਿਆ| 
ਉਹਨਾਂ ਕਿਹਾ ਕਿ ਇਹ ਗੱਲਾਂ ਕਈ ਸ਼ੱਕ ਪੈਦਾ ਕਰਦੀਆਂ ਹਨ ਜਿਸ ਲਈ ਹਾਥਰਸ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀਆ ਨੂੰ ਬਚਾਉਣ ਵਾਲੇ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆ ਸਕਣ| ਉਹਨਾਂ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਤੋਂ ਪੀੜਤਾ ਦੇ ਕਾਤਲਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਅਤੇ ਦੇਸ਼ ਦੀਆਂ ਬੱਚੀਆਂ ਨੂੰ ਆਤਮ ਰੱਖਿਆ ਲਈ ਬਹਾਦਰ ਬਣਨ ਅਤੇ ਮੁੱਕੇਬਾਜ਼ੀ, ਕਰਾਟੇ ਅਤੇ ਨਿਸ਼ਾਨੇਬਾਜੀ   ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ|
ਇਸ ਮਾਰਚ ਦੌਰਾਨ ਨੌਜਵਾਨਾਂ ਨੇ ਕਾਲੀ ਪੱਟੀਆਂ ਬੰਨ ਕੇ ਰੋਸ ਪ੍ਰਗਟ ਕੀਤਾ| ਇਸ ਮਾਰਚ ਵਿੱਚ ਨੇਹਾ ਅਰੋੜਾ, ਬੀਬੀ ਮਨਜੀਤ ਕੌਰ, ਆਤਮਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਪ੍ਰਧਾਨ ਰਮਨਦੀਪ ਸਿੰਘ, ਪ੍ਰਧਾਨ ਮਨੀ ਡੋਗਰਾ ਫੇਜ਼ 9, ਤਰਲੋਕ ਸਿੰਘ ਪ੍ਰਧਾਨ  ਜਗਤਪੁਰਾ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਬਿੰਦਰ ਸਿੰਘ, ਮੇਹਰਬਾਨ ਸਿੰਘ ਭੁੱਲਰ ਪ੍ਰਧਾਨ ਸੈਕਟਰ 52, ਤਰਨ ਧਾਲੀਵਾਲ, ਰਤਨ, ਕੋਮਲ ਲਾਂਡਰਾ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਬਿੱਲਾ, ਮਨੋਜਗੋਰ ਰਾਜਨ,    ਰਾਕੇਸ਼, ਅਨੁਭਵ , ਦੀਪ ਮਾਵੀ, ਜੱਗੀ ਅਤੇ ਸਾਹਿਲ ਨੇ ਸ਼ਮੂਲੀਅਤ ਕੀਤੀ|

Leave a Reply

Your email address will not be published. Required fields are marked *