ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. ਵਿੱਚ ਪਟਾਕਿਆਂ ਦੀ ਵਿਕਰੀ ਤੇ ਲਾਈ ਰੋਕ

ਨਵੀਂ ਦਿੱਲੀ, 9 ਅਕਤੂਬਰ (ਸ.ਬ.) ਦੀਵਾਲੀ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਕ ਨਵੰਬਰ ਤੱਕ ਦਿੱਲੀ-ਐਨ.ਸੀ.ਆਰ. ਵਿੱਚ ਪਟਾਕਿਆਂ ਦੀ ਵਿਕਰੀ ਤੇ ਰੋਕ ਲਾ ਦਿੱਤੀ ਹੈ|
ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕੋਰਟ ਤੋਂ ਗੁਹਾਰ ਲਾਈ ਗਈ ਸੀ ਕਿ ਕੋਰਟ 12 ਸਤੰਬਰ ਦੇ ਆਪਣੇ ਉਸ ਆਦੇਸ਼ ਨੂੰ ਵਾਪਸ ਲੈਣ, ਜਿਸ ਵਿੱਚ ਕੋਰਟ ਨੇ ਸ਼ਰਤਾਂ ਨਾਲ ਦਿੱਲੀ-ਐਨ.ਸੀ.ਆਰ. ਵਿੱਚ ਪਟਾਕਿਆਂ ਦੀ ਵਿਕਰੀ ਤੇ ਲੱਗੀ ਰੋਕ ਹਟਾਈ ਸੀ|
ਸੁਪਰੀਮ ਕੋਰਟ ਨੇ ਇਸ ਮੱਹਤਵਪੂਰਨ ਫੈਸਲੇ ਵਿੱਚ ਕਿਹਾ ਕਿ ਦੀਵਾਲੀ ਤੋਂ ਬਾਅਦ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਪਟਾਕਿਆਂ ਤੇ ਬੈਨ ਤੋਂ ਬਾਅਦ ਹਵਾ ਦੀ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਹੈ ਜਾਂ ਨਹੀਂ| ਕੋਰਟ ਨੇ ਕਿਹਾ ਕਿ ਇਕ ਨਵੰਬਰ ਤੋਂ ਬਾਅਦ ਪਟਾਕਿਆਂ ਦੀ ਵਿਕਰੀ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ| ਸਰਵਉਚ ਅਦਾਲਤ ਨੇ ਪਟਾਕਾ ਵਪਾਰੀਆਂ ਨੂੰ ਦਿੱਤੇ ਨਵੇਂ ਅਤੇ ਪੁਰਾਣੇ ਦੋਵੇਂ ਹੀ ਲਾਇਸੈਂਸ ਰੱਦ ਕਰ ਦਿੱਤੇ ਹਨ|
ਸੁਪਰੀਮ ਕੋਰਟ ਨੇ ਦਿੱਲੀ ਅਤੇ ਐਨ.ਸੀ.ਆਰ. ਵਿੱਚ ਪਟਾਕਿਆਂ ਦੀ ਵਿਕਰੀ ਤੇ ਲੱਗੀ ਰੋਕ ਕੁਝ ਸ਼ਰਤ ਨਾਲ ਹਟਾਈ ਸੀ| ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ ਲਈ ਪੁਲੀਸ ਦੀ ਨਿਗਰਾਨੀ ਵਿੱਚ ਲਾਇਸੈਂਸ ਦਿੱਤੇ ਜਾਣ| ਵਧ ਤੋਂ ਵਧ 500 ਅਸਥਾਈ ਲਾਇਸੈਂਸ ਹੀ ਦਿੱਤੇ ਜਾ ਸਕਣਗੇ| ਹੁਣ ਕੋਰਟ ਨੇ ਪੂਰੀ ਤਰ੍ਹਾਂ ਨਾਲ ਪਟਾਕਿਆਂ ਦੀ ਵਿਕਰੀ ਤੇ ਬੈਨ ਲਾ ਦਿੱਤਾ ਹੈ|
ਜ਼ਿਕਰਯੋਗ ਹੈ ਕਿ ਇਸੇ ਮਹੀਨੇ ਹਵਾ ਪ੍ਰਦੂਸ਼ਣ ਤੇ ਨਜ਼ਰ ਰੱਖਣ ਵਾਲੀ ਕੇਂਦਰ ਸਰਕਾਰ ਦੀ ਏਜੰਸੀ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਕੁਆਲਿਟੀ ਖਰਾਬ ਹੋ ਗਈ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਹਾਲਾਤ ਹੋਰ ਖਰਾਬ ਹੋਣਗੇ| ਹਵਾ ਗੁਣਵੱਤਾ ਸੂਚਕਾਂਕ ਦੇ ਖਰਾਬ ਹੋਣ ਦਾ ਮਤਲਬ ਹੈ ਕਿ ਲੋਕ ਜੇਕਰ ਅਜਿਹੀ ਹਵਾ ਵਿੱਚ ਲੰਬੇ ਸਮੇਂ ਤੱਕ ਰਹੇ ਤਾਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਸਕਦੀ ਹੈ|

Leave a Reply

Your email address will not be published. Required fields are marked *