ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ ਮਾਮਲੇ ਵਿੱਚ ਮਾਮੂਲੀ ਦੋਸ਼ੀ ਮੰਨਿਆ, ਸਜ਼ਾ ਖਤਮ, 1000 ਰੁਪਏ ਜੁਰਮਾਨਾ ਲਗਾਇਆ

ਨਵੀਂ ਦਿੱਲੀ, 15 ਮਈ (ਸ.ਬ.) ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਰਾਹਤ ਦਿੰਦਿਆਂ 30 ਸਾਲਾਂ ਬਾਅਦ ਮਾਮੂਲੀ ਦੋਸੀ ਮੰਨਿਆ ਹੈ| 30 ਸਾਲ ਪਹਿਲਾਂ ਇਸ ਮਾਮਲੇ ਸਬੰਧੀ ਸਿੱਧੂ ਨੂੰ ਹੇਠਲੀ ਅਦਾਲਤ ਨੇ ਦੋਸ਼ ਮੁਕਤ ਕਰ ਦਿੱਤਾ ਸੀ ਪਰ ਹਾਈਕੋਰਟ ਨੇ ਫੈਸਲੇ ਨੂੰ ਪਲਟਦੇ ਹੋਏ ਸਿੱਧੂ ਨੂੰ ਗ਼ੈਰ-ਇਰਾਦਾਤਨ ਕਤਲ ਦਾ ਦੋਸ਼ੀ ਪਾਇਆ ਅਤੇ ਸਿੱਧੂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ| ਅਦਾਲਤ ਨੇ ਕੁੱਟਮਾਰ ਦੇ ਦੋਸ਼ ਵਿੱਚ ਧਾਰਾ-323 ਤਹਿਤ ਸਿੱਧੂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇਕ ਹਜ਼ਾਰ ਰੁਪਿਆ ਜ਼ੁਰਮਾਨੇ ਤੇ ਰਿਹਾਅ ਕਰਨ ਦੇ ਹੁਕਮ ਦਿੱਤੇ|
ਨਵਜੋਤ ਸਿੰਘ ਸਿੱਧੂ ਨੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਅੱਜ ਹਾਈਕੋਰਟ ਦੇ ਫੈਸਲੇ ਨੂੰ ਪਲਟਦੇ ਹੋਏ ਸੁਪਰੀਮ ਕੋਰਟ ਨੇ ਸਿੱਧੂ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ| ਜ਼ਿਕਰਯੋਗ ਹੈ ਕਿ 27 ਦਸੰਬਰ, 1988 ਨੂੰ ਜਦੋਂ ਸਿੱਧੂ ਦੀ ਕਾਰ ਪਾਰਕਿੰਗ ਨੂੰ ਲੈ ਕੇ ਪਟਿਆਲਾ ਵਿੱਚ ਗੁਰਨਾਮ ਸਿੰਘ ਨਾਂ ਦੇ ਇਕ ਬਜ਼ੁਰਗ ਨਾਲ ਬਹਿਸਬਾਜ਼ੀ ਹੋਈ, ਜਿਹੜੀ ਮਗਰੋਂ ਹੱਥੋਪਾਈ ਵਿੱਚ ਬਦਲ ਗਈ| ਗੁਰਨਾਮ ਸਿੰਘ ਨਾਲ ਉਸ ਦਾ ਭਾਣਜਾ ਵੀ ਸੀ| ਭਾਣਜੇ ਮੁਤਾਬਕ ਸਿੱਧੂ ਨੇ ਮੁੱਕਾ ਮਾਰ ਕੇ ਗੁਰਨਾਮ ਸਿੰਘ ਨੂੰ ਸੜਕ ਉੱਤੇ ਸੁੱਟ ਦਿੱਤਾ| ਇਸ ਤੋਂ ਤੁਰੰਤ ਬਾਅਦ, ਗੁਰਨਾਮ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਪਹਿਲਾਂ ਹੀ ਮਰ ਚੁੱਕਾ ਸੀ|
ਫੈਸਲੇ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਾਹਮਣੇ ਆਏ| ਇਸ ਮੌਕੇ ਆਪਣੀ ਜਿੱਤ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ਤੇ ਸਾਫ ਝਲਕ ਰਹੀ ਸੀ| ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਉਹ 10 ਗੁਣਾ ਵੱਡੇ ਹੋ ਕੇ ਅਦਾਲਤ ਵਿੱਚੋਂ ਨਿਕਲੇ ਹਨ|
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਦੁਆਵਾਂ ਵਿੱਚ ਬੜੀ ਤਾਕਤ ਹੁੰਦੀ ਹੈ| ਸਿੱਧੂ ਨੇ ਕਿਹਾ ਕਿ ਮੇਰਾ ਰੋਮ-ਰੋਮ ਲੋਕਾਂ ਦਾ ਧੰਨਵਾਦੀ ਹੈ| ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪਰਮਾਤਮਾ ਦਾ ਵੀ ਬਹੁਤ ਧੰਨਵਾਦ ਕਰਦੇ ਹਨ| ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਪੰਜਾਬ ਨੂੰ ਸਮਰਪਿਤ ਹੈ|
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਸਾਰੀ ਜ਼ਿੰਦਗੀ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ| ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਜ਼ਿਆਦਾ ਬਿਹਤਰੀਨ ਹੋਰ ਕੋਈ ਨਹੀਂ ਹੈ|

Leave a Reply

Your email address will not be published. Required fields are marked *