ਸੁਪਰੀਮ ਕੋਰਟ ਨੇ ਭਰੂਣ ਦੀ ਖੋਪੜੀ ਨਾ ਹੋਣ ਕਾਰਨ 24 ਹਫਤੇ ਦੀ ਗਰਭਵਤੀ ਔਰਤ ਨੂੰ ਗਰਭਪਾਤ ਦੀ ਮਨਜ਼ੂਰੀ ਦਿੱਤੀ

ਨਵੀਂ ਦਿੱਲੀ, 16 ਜਨਵਰੀ (ਸ.ਬ.) ਸੁਪਰੀਮ ਕੋਰਟ ਨੇ ਅੱਜ 24 ਹਫਤਿਆਂ ਦੀ ਗਰਭਵਤੀ ਔਰਤ ਨੂੰ ਗਰਭਪਾਤ ਦੀ ਮਨਜ਼ੂਰੀ ਦਿੱਤੀ, ਕਿਉਂਕਿ ਭਰੂਣ ਦੀ ਖੋਪੜੀ ਨਹੀਂ ਸੀ| ਜਸਟਿਸ ਐਸ.ਏ. ਬੋਬੜੇ ਅਤੇ ਜਸਟਿਸ ਐਲ. ਨਾਗੇਸ਼ਵਰ ਰਾਵ ਦੀ ਬੈਂਚ ਨੇ ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਦੇ ਮੈਡੀਕਲ ਬੋਰਡ ਦੀ ਰਿਪੋਰਟ ਤੇ ਵਿਚਾਰ ਕਰਦੇ ਹੋਏ 22 ਸਾਲ ਦੀ ਇਕ ਔਰਤ ਨੂੰ ਗਰਭਪਾਤ ਦੀ ਮਨਜ਼ੂਰੀ ਦਿੱਤੀ| ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਭਰੂਣ ਬਿਨਾਂ ਖੋਪੜੀ ਦੇ ਜਿਉਂਦਾ ਨਹੀਂ ਬਚ ਸਕੇਗਾ| ਬੈਂਚ ਨੇ ਕਿਹਾ ਕਿ ਡਾਕਟਰੀ ਗਰਭਪਾਤ ਐਕਟ ਦੇ ਅਧੀਨ ਗਰਭਪਾਤ ਦੀ ਪਟੀਸ਼ਨਕਰਤਾ ਨੂੰ ਮਨਜ਼ੂਰੀ ਦੇਣਾ, ਉਸ ਦੇ ਜੀਵਨ ਦੀ ਸੁਰੱਖਿਆ ਦੇ ਅਧਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਉਚਿਤ ਅਤੇ ਨਿਆਂ ਦੇ ਹਿੱਤ ਵਿੱਚ ਲੱਗਦਾ ਹੈ|
ਬੈਂਚ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਗਰਭਪਾਤ ਹਸਪਤਾਲ ਦੇ ਡਾਕਟਰਾਂ ਦੇ ਇਕ ਦਲ ਵੱਲੋਂ ਕੀਤਾ ਜਾਵੇ ਜੋ ਇਸ ਸੰਬੰਧ ਵਿੱਚ ਪ੍ਰਕਿਰਿਆ ਦਾ ਪੂਰਾ ਰਿਕਾਰਡ ਸੰਭਾਲ ਕੇ ਰੱਖਣ| 7 ਮੈਂਬਰੀ ਮੈਡੀਕਲ ਬੋਰਡ ਦੀ ਰਿਪੋਰਟ ਦੇ ਸੰਦਰਭ ਵਿੱਚ ਬੈਂਚ ਨੇ ਕਿਹਾ,’ਡਾਕਟਰੀ ਸਬੂਤ ਸਪੱਸ਼ਟ ਤੌਰ ਤੇ ਦੱਸਦੇ ਹਨ ਕਿ ਪਟੀਸ਼ਨਕਰਤਾ ਨੂੰ ਪੂਰੀ ਮਿਆਦ ਲਈ (ਗਰਭਵਤੀ ਹੋਣ ਦੀ) ਮਨਜ਼ੂਰੀ ਦੇਣ ਦਾ ਤੁਕ ਨਹੀਂ ਹੈ, ਕਿਉਂਕਿ ਭਰੂਣ ਬਿਨਾਂ ਖੋਪੜੀ ਗਰਭ ਦੇ ਬਾਹਰ ਜਿਉਂਦਾ ਨਹੀਂ ਰਹੇਗਾ|’ ਔਰਤ ਨੇ ਭਰੂਣ ਸੰਬੰਧੀ ਪ੍ਰੇਸ਼ਾਨੀਆਂ ਕਾਰਨ ਸੁਪਰੀਮ ਕੋਰਟ ਤੋਂ ਗਰਭਪਾਤ ਦੀ ਮਨਜ਼ੂਰੀ ਮੰਗੀ ਸੀ|

Leave a Reply

Your email address will not be published. Required fields are marked *