ਸੁਪਰੀਮ ਕੋਰਟ ਵਲੋਂ ਪਟਾਕਿਆਂ ਤੇ ਪਾਬੰਦੀ ਦੇ ਹੁਕਮ ਵਿੱਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ


ਨਵੀਂ ਦਿੱਲੀ, 11 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਤੇ ਰੋਕ ਲਗਾਉਣ ਦੇ ਇਰਾਦੇ ਨਾਲ ਕਾਲੀ ਪੂਜਾ ਮੌਕੇ ਪੱਛਮੀ ਬੰਗਾਲ ਵਿੱਚ ਪਟਾਕਿਆਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੇ ਕਲਕੱਤਾ ਹਾਈ ਕੋਰਟ ਦੇ ਹੁਕਮ ਵਿੱਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਕੋਰਟ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜੀਵਨ ਬਚਾਉਣਾ ਵੱਧ ਮਹੱਤਵਪੂਰਨ ਹੈ| ਜੱਜ ਧਨੰਜਯ ਵਾਈ ਚੰਦਰਚੂੜ ਅਤੇ ਜੱਜ ਇੰਦਰਾ ਬੈਨਰਜੀ ਦੀ ਬੈਂਚ ਨੇ ਕਿਹਾ ਕਿ ਤਿਉਹਾਰ ਮਹੱਤਵਪੂਰਨ ਹਨ ਪਰ ਇਸ ਸਮੇਂ ਮਹਾਮਾਰੀ ਦੇ ਦੌਰ ਵਿੱਚ ਜੀਵਨ ਹੀ ਖਤਰੇ ਵਿੱਚ ਹੈ| ਸੁਪਰੀਮ ਕੋਰਟ ਹਵਾ ਪ੍ਰਦੂਸ਼ਣ ਕਾਰਨ ਕਾਲੀ ਪੂਜਾ ਅਤੇ ਛਠ ਪੂਜਾ ਸਮੇਤ ਆਉਣ ਵਾਲੇ ਤਿਉਹਾਰਾਂ ਦੇ ਮੌਕਿਆਂ ਤੇ ਪਟਾਕਿਆਂ ਦੀ ਵਰਤੋਂ ਅਤੇ ਉਨ੍ਹਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੇ ਕਲਕੱਤਾ ਹਾਈ ਕੋਰਟ ਦੇ 5 ਨਵੰਬਰ ਦੇ ਫੈਸਲੇ ਵਿਰੁੱਧ ਗੌਤਮ ਰਾਏ ਅਤੇ ਬੜਾਬਜ਼ਾਰ ਫਾਇਰਵਰਕਰਜ਼ ਡੀਲਰਜ਼                 ਐਸੋਸੀਏਸ਼ਨ ਦੀ ਅਪੀਲ ਤੇ ਸੁਣਵਾਈ ਕਰ ਰਹੀ ਸੀ|
ਬੈਂਚ ਨੇ ਕਿਹਾ ਕਿ ਅਸੀਂ ਸਾਰੇ ਇਸ ਸਥਿਤੀ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਾਂ ਅਤੇ ਸਾਡੇ ਸਾਰਿਆਂ ਦੇ ਘਰਾਂ ਵਿੱਚ ਬਜ਼ੁਰਗ ਹਨ| ਇਸ ਸਮੇਂ ਅਸੀਂ ਅਜਿਹੀ ਸਥਿਤੀ ਵਿੱਚ ਹਾਂ, ਜਿੱਥੇ ਜ਼ਿੰਦਗੀ ਬਚਾਉਣਾ ਵੱਧ ਮਹੱਤਵਪੂਰਨ ਹੈ ਅਤੇ ਹਾਈ ਕੋਰਟ ਜਾਣਦਾ ਹੈ ਕਿ ਉੱਥੇ ਕਿਸ ਚੀਜ਼ ਦੀ ਜ਼ਰੂਰਤ ਹੈ| ਬੈਂਚ ਨੇ ਕਿਹਾ ਕਿ ਹਾਈ ਕੋਰਟ ਨੇ ਨਾਗਰਿਕਾਂ, ਵਿਸ਼ੇਸ਼ ਕਰ ਕੇ ਸੀਨੀਅਰ ਨਾਗਰਿਕਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਹੈ ਜੋ ਸ਼ਾਇਦ ਬੀਮਾਰ ਹੋਣ| ਹਾਈ ਕੋਰਟ ਨੇ ਛਠ ਅਤੇ ਕਾਰਤਿਕ ਪੂਜਾ ਦੌਰਾਨ ਵੀ ਪਟਾਕਿਆਂ ਤੇ ਪਾਬੰਦੀ ਲੱਗੀ ਰਹਿਣ ਦਾ ਹੁਕਮ ਦਿੱਤਾ ਸੀ ਅਤੇ ਕਿਹਾ ਸੀ ਕਿ ਪੰਡਾਲ ਵਿੱਚ ਦਾਖਲੇ ਬਾਰੇ ਦੁਰਗਾ ਪੂਜਾ ਦੌਰਾਨ ਨਿਆਇਕ ਹੁਕਮਾਂ ਵਿੱਚ ਦਿੱਤੇ ਗਏ ਦਿਸ਼ਾ-ਨਿਰਦੇਸ਼ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਪੁਲੀਸ ਨੂੰ ਇਹ ਯਕੀਨੀ ਕਰਨ ਲਈ ਕਿਹਾ ਸੀ ਕਿ ਹੋਰ ਤਿਉਹਾਰਾਂ ਤੇ ਵੀ ਇਨ੍ਹਾਂ ਮਾਪਦੰਡਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ| ਅਦਾਲਤ ਨੇ ਵਿਸਰਜਨ ਦੌਰਾਨ ਜਲੂਸ ਕੱਢਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਕਾਲੀ ਪੂਜਾ ਦੇ 300 ਵਰਗ ਮੀਟਰ ਦੇ ਪੰਡਾਲਾਂ ਵਿੱਚ 15 ਵਿਅਕਤੀਆਂ ਅਤੇ ਇਸ ਤੋਂ ਵੱਡੇ ਪੰਡਾਲ ਵਿੱਚ 45 ਵਿਅਕਤੀਆਂ ਨੂੰ ਦਾਖਲੇ ਦੀ ਮਨਜ਼ੂਰੀ ਹੋਵੇਗੀ|

Leave a Reply

Your email address will not be published. Required fields are marked *