ਸੁਫਨੇ ਬਹੁਤ ਹੋਏ, ਹੁਣ ਕੁੱਝ ਕਰਕੇ ਵੀ ਵਿਖਾਏ ਮੋਦੀ ਸਰਕਾਰ

ਪੌਣੇ ਤਿੰਨ ਸਾਲ ਪਹਿਲਾਂ ਦੇਸ਼ ਦੀ ਸੱਤਾ ਤੇ ਕਾਬਜ ਹੋਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵਲੋਂ ਆਪਣੇ ਇਸ ਕਾਰਜਕਾਲ ਦੌਰਾਨ ਦੇਸ਼ ਦੀ ਜਨਤਾ ਨੁੰ ਸੁਫਨੇ ਤਾਂ ਬਹੁਤ ਦਿਖਾਏ ਗਏ ਹਨ ਪਰੰਤੁ ਜੇਕਰ ਇਸ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੇ ਨਿਗਾਹ ਮਾਰੀਏ ਤਾਂ ਇਸ ਸਰਕਾਰ ਨੇ           ਦੇਸ਼ ਦੀ ਜਨਤਾ ਨੂੰ ਪੂਰੀ ਤਰ੍ਹਾਂ ਨਿਰਾਸ਼ ਹੀ ਕੀਤਾ ਹੈ| ਦੇਸ਼ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ, ਸਾਫ ਸੁਥਰਾ, ਪਾਰਦਰਸ਼ੀ ਪ੍ਰਸ਼ਾਸ਼ਨ ਕਰਵਾਉਣ ਅਤੇ ਸੱਤਾ ਤੇ ਕਾਬਜ ਹੁੰਦਿਆਂ ਹੀ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆ ਕੇ ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮਾ ਕਰਵਾਉਣ ਅਤੇ ਮਹਿੰਗਾਈ ਤੇ ਕਾਬੂ ਕਰਨ ਦੇ ਲੰਬੇ ਚੌੜੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਆਪਣੇ ਇਹਨਾਂ ਤਮਾਮ ਦਾਅਵਿਆਂ ਨੂੰ ਪੂਰਾ ਕਰਨ ਵਿੱਚ ਪੁਰੀ ਤਰ੍ਹਾਂ ਨਾਕਾਮ ਰਹੀ ਹੈ| ਹੋਰ ਤਾਂ ਹੋਰ ਦੇਸ਼ ਦੀ ਭਲਾਈ ਦੇ ਨਾਮ ਤੇ ਸਰਕਾਰ ਵਲੋਂ ਤਿੰਨ ਮਹੀਨੇ ਪਹਿਲਾਂ ਨੋਟਬੰਦੀ ਦਾ ਫੈਸਲਾ ਲਾਗੂ ਕਰਕੇ ਦੇਸ਼ ਦੀ ਜਨਤਾ ਲਈ ਨਵੀਆਂ ਪਰੇਸ਼ਾਨੀਆਂ ਜਰੂਰ ਖੜ੍ਹੀਆਂ ਕਰ ਦਿੱਤੀਆਂ ਹਨ|
ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਮੋਦੀ ਸਰਕਾਰ ਦੇ ਇਸ ਪੌਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਜਿੱਥੇ ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰ ਗਈ ਹੈ ਉੱਥੇ ਖੁਦ ਮੋਦੀ ਸਰਕਾਰ ਦੇ ਮੰਤਰੀਆਂ ਦੇ ਨਾਲ ਨਾਲ ਭਾਜਪਾ ਅਗਵਾਈ ਵਾਲੀਆਂ ਵੱਖ ਵੱਖ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਅਤੇ ਹੋਰਨਾਂ ਰਾਜਨੇਤਾਵਾਂ ਵਲੋਂ ਕੀਤੇ ਜਾਂਦੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵੀ ਇੱਕ ਤੋਂ ਬਾਅਦ ਇੱਕ ਸਾਮ੍ਹਣੇ ਆਉਂਦੇ ਰਹੇ ਹਨ ਪਰੰਤੂ ਸੱਤਾਧਾਰੀ ਧਿਰ ਇਹਨਾਂ ਤਮਾਮ ਮਾਮਲਿਆਂ ਬਾਰੇ ਲੋੜੀਂਦੀ ਕਾਰਵਾਈ ਕਰਨ ਅਤੇ ਇਸ ਸੰਬੰਧੀ             ਦੇਸ਼ ਵਾਸੀਆਂ ਦੇ ਸਵਾਲਾਂ ਦਾ ਤਸੱਲੀਬਖਸ਼ ਜਵਾਬ ਦੇਣ ਵਿੱਚ ਨਾਕਾਮ ਸਾਬਿਤ ਹੋਈ ਹੈ|
ਮੋਦੀ ਸਰਕਾਰ ਦੇ ਕਾਰਜਕਾਲ ਦਾ ਅੱਧੇ ਤੋਂ ਵੱਧ ਸਮਾਂ ਲੰਘ ਜਾਣ ਤੋਂ ਬਾਅਦ ਵੀ ਸਰਕਾਰ ਦੀ ਹਾਲਤ ਇਹ ਹੈ ਕਿ ਜਦੋਂ ਵੀ ਸਰਕਾਰ ਦੇ ਮੰਤਰੀਆਂ ਜਾਂ ਸੱਤਾਧਾਰੀ ਧਿਰ ਨਾਲ ਸੰਬੰਧਿਤ            ਰਾਜਨੇਤਾਵਾਂ ਤੋਂ ਸਰਕਾਰ ਦੀਆਂ ਨਾਕਾਮੀਆਂ ਬਾਰੇ ਕੋਈ ਜਵਾਬ ਮੰਗਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਇਸ ਸਾਰੇ ਕੁੱਝ ਲਈ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ ਜਿੰਮੇਵਾਰ ਠਹਿਰਾ ਕੇ ਖੁਦ ਨੂੰ ਪਾਕ ਸਾਫ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਅਜਿਹੇ ਮੌਕਿਆਂ ਤੇ ਸੱਤਾਧਾਰੀ ਧਿਰ ਦੇ ਆਗੂ ਕਾਂਗਰਸ ਦੇ ਖਿਲਾਫ ਇਲਜਾਮ ਬਾਜੀ ਕਰਕੇ ਅਤੇ ਇਸੇ ਰੌਲੇ ਰੱਪੇ ਵਿੱਚ ਆਪਣੀ ਗੱਲ ਮੁਕਾ ਕੇ ਤੁਰ ਜਾਂਦੇ ਹਨ ਅਤੇ ਜਨਤਾ ਉਹਨਾਂ ਦਾ ਮੂੰਹ ਵੇਖਦੀ ਰਹਿ ਜਾਂਦੀ ਹੈ| ਕੇਂਦਰ ਦੀ ਸੱਤਾ ਦੀ ਅਗਵਾਈ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਦੇਸ਼ ਦੀ ਜਨਤਾ ਨੂੰ ਸਾਰਾ ਕੁੱਝ ਚੁਟਕੀ ਵਜਾਉਂਦਿਆਂ ਹੀ ਠੀਕ ਹੋ ਜਾਣ ਦੇ ਸੁਫਨੇ ਵਿਖਾਹੇ ਗਏ ਸੀ ਉਹਨਾਂ ਦਾ ਪੂਰਾ ਹੋਣਾ ਤਾਂ ਦੂਰ ਹਾਲਾਤ ਪਹਿਲਾਂ ਤੋਂ ਵੀ ਬਦਤਰ ਹੋ ਚੁੱਕੇ ਹਨ ਅਤੇ ਆਮ ਜਨਤਾ ਖੁੱਦ ਨੂੰ ਬੁਰੀ ਤਰ੍ਹਾਂ ਠੱਗਿਆ ਗਿਆ ਮਹਿਸੂਸ ਕਰ ਰਹੀ ਹੈ|
ਹਾਲਾਂਕਿ ਇਸ ਸਾਰੇ ਕੁੱਝ ਨੂੰ ਲੈ ਕੇ ਆਮ ਜਨਤਾ ਵਿੱਚ ਸਰਕਾਰ ਪ੍ਰਤੀ ਵੱਧਦੀ ਨਾਰਾਜਗੀ ਦਾ ਅਸਰ ਵੀ ਦਿਖਦਾ ਹੈ| ਨੋਟਬੰਦੀ ਤੋਂ ਬਾਅਦ ਪੈਦਾ ਹੋਈਆਂ ਮੁਸ਼ਕਲਾਂ ਕਾਰਨ ਬੇਹਾਲ ਹੋਈ ਜਨਤਾ                   ਸਮੇਂ ਸਮੇਂ ਤੇ ਆਪਣੀ ਨਾਰਾਜਗੀ ਜਾਹਿਰ ਵੀ ਕਰਦੀ ਰਹੀ ਹੈ| ਪਹਿਲਾਂ ਦਿੱਲੀ ਅਤੇ ਫਿਰ ਬਿਹਾਰ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਮੌਕੇ ਭਾਜਪਾ ਅਗਵਾਈ ਵਾਲੇ ਐਨ ਡੀ ਏ ਗਠਜੋੜ ਕਰਾਰੀ ਹਾਰ ਦਾ ਮੂੰਹ ਵੇਖ ਚੁੱਕਿਆ ਹੈ ਅਤੇ ਜਾਹਿਰ ਤੌਰ ਤੇ ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨਸਭਾ ਚੋਣਾਂ ਦੇ ਨਤੀਜੇ ਵੀ ਇਸ ਸਰਕਾਰ ਨੂੰ ਜਿਆਦਾ ਰਾਸ ਆਉਣਗੇ|
ਐਨ ਡੀ ਏ ਗਠਜੋੜ ਦੇ ਆਗੂਆਂ (ਪ੍ਰਧਾਨ ਮੰਤਰੀ ਸਮੇਤ) ਨੂੰ ਇਹ ਗੱਲ ਚੰਗੀ ਤਰ੍ਹਾਂ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਸ ਜਨਤਾ ਨੇ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਕਰਕੇ ਉਹਨਾਂ ਨੂੰ                    ਦੇਸ਼ ਦਾ ਰਾਜ ਭਾਗ ਸੰਭਾਲਿਆ ਹੈ ਉਹੀ ਜਨਤਾ ਉਹਨਾਂ ਦੀ ਵਾਇਦਾ ਖਿਲਾਫੀ ਕਾਰਨ ਰੋਸ ਵਿੱਚ ਆ ਕੇ ਉਹਨਾਂ ਨੂੰ ਸੱਤਾ ਤੋਂ ਲਾਂਭੇ ਵੀ ਕਰ ਸਕਦੀ ਹੈ| ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਵਲੋਂ ਦੇਸ਼ ਦੀ ਜਨਤਾ ਨੂੰ ਜਿਹੜੇ ਚੰਗੇ ਦਿਨਾਂ ਦਾ ਸੁਫਨਾ ਵਿਖਾ ਕੇ ਦੇਸ਼ ਦੀ ਸੱਤਾ ਹਾਸਿਲ ਕੀਤੀ ਗਈ ਹੈ ਉਹ ਸੁਫਨੇ ਹੁਣ ਹਵਾ ਹੋ ਚੁੱਕੇ ਹਨ| ਪਿਛਲੀ ਸਰਕਾਰ ਦੀਆਂ ਨਾਕਾਮੀਆਂ ਦਾ ਢੋਲ ਵਜਾ ਕੇ ਸੱਤਾਧਾਰੀ ਧਿਰ ਖੁਦ ਨੂੰ ਤਾਂ ਸੰਤੁਸ਼ਟ ਕਰ ਸਕਦੀ ਹੈ ਪਰੰਤੂ ਜਨਤਾ ਦਾ ਭਰੋਸਾ ਹਾਸਿਲ ਕਰਨ ਲਈ ਉਸਨੂੰ ਗੱਲਾਂ ਤੋਂ ਅੱਗੇ ਵੱਧ ਕੇ ਕੁੱਝ ਕਰ ਕੇ ਵਿਖਾਉਣਾ ਪੈਦਾ ਹੈ ਵਰਨਾ ਜਿਸ ਜਨਤਾ ਨੇ ਉਸਦੇ ਸਿਰ ਤੇ ਤਾਜ ਸਜਾਇਆਹੈ ਉਹ ਉਸਨੂੰ ਗੱਦੀ ਤੋਂ ਲਾਹ ਵੀ ਸਕਦੀ ਹੈ ਅਤੇ ਜੇਕਰ ਮੋਦੀ ਸਰਕਾਰ ਜਨਤਾ ਦੀਆਂ ਆਸਾਂ ਤੇ ਖਰੀ ਉਤਰਨ ਦੀ ਸਮਰਥ ਨਾ ਹੋਈ ਤਾਂ ਉਸਦਾ ਵੀ ਉਹੀ ਹਸ਼ਰ ਹੋਣਾ ਹੈ ਜਿਹੜਾ ਪਿਛਲੀ ਸਰਕਾਰ ਦਾ ਹੋਇਆ ਸੀ|

Leave a Reply

Your email address will not be published. Required fields are marked *