ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ 2 ਅੱਤਵਾਦੀ ਢੇਰ, 2 ਜਵਾਨ ਜ਼ਖਮੀ


ਸ਼੍ਰੀਨਗਰ, 26 ਦਸੰਬਰ (ਸ.ਬ.) ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਦੇ ਅੱਤਵਾਦੀਆਂ ਨਾਲ ਸ਼ੁੱਕਰਵਾਰ ਤੋਂ ਜਾਰੀ ਮੁਕਾਬਲੇ ਵਿੱਚ 2 ਅੱਤਵਾਦੀ ਮਾਰੇ ਗਏ ਹਨ। ਇਸ ਮੁਕਾਬਲੇ ਵਿੱਚ 2 ਜਵਾਨ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਅਨੁਸਾਰ ਸ਼ੋਪੀਆਂ ਦੇ ਜੰਗਲਾਂ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲੀਸ ਫੋਰਸ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਸਾਂਝੀ ਮੁਹਿੰਮ ਚਲਾਈ ਸੀ। ਸੁਰੱਖਿਆ ਫੋਰਸ ਦੇ ਜਵਾਨ ਇਕ ਸ਼ੱਕੀ ਇਲਾਕੇ ਵੱਲ ਵੱਧ ਰਹੇ ਸਨ, ਉਦੋਂ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਦਸਤਿਆਂ ਨੇ ਵੀ ਗੋਲੀਆਂ ਚਲਾਈਆਂ। ਦੋਹਾਂ ਪੱਖਾਂ ਦਰਮਿਆਨ ਮੁਕਾਬਲੇ ਵਿੱਚ ਫ਼ੌਜ ਦੇ 2 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫ਼ੌਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਅੱਤਵਾਦੀ ਨੇੜੇ ਦੇ ਇਕ ਮਕਾਨ ਅੰਦਰ ਚੱਲੇ ਗਏ ਅਤੇ ਹਨ੍ਹੇਰਾ ਹੋਣ ਕਾਰਨ ਮੁਹਿੰਮ ਰੋਕ ਦਿੱਤੀ ਗਈ। ਇਸ ਤੋਂ ਪਹਿਲਾਂ ਅੱਤਵਾਦੀਆਂ ਦੇ ਦੌੜਨ ਦੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਇਲਾਕੇ ਤੋਂ ਬਾਹਰ ਨਿਕਲਣ ਵਾਲੇ ਸਾਰੇ ਰਸਤਿਆਂ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਲਿਜਾਇਆ ਗਿਆ। ਸਵੇਰ ਹੋਣ ਤੇ ਸੁਰੱਖਿਆ ਦਸਤਿਆਂ ਨੇ ਮੁੜ ਮੁਹਿੰਮ ਸ਼ੁਰੂ ਕੀਤੀ ਅਤੇ ਜਿਸ ਮਕਾਨ ਵਿੱਚ ਅੱਤਵਾਦੀ ਵੜੇ ਸਨ, ਉਸ ਨੂੰ ਵਿਸਫੋਟ ਨਾਲ ਉਡਾ ਦਿੱਤਾ। ਜਿਸ ਤੋਂ ਬਾਅਦ ਹੋਰ ਅੱਤਵਾਦੀ ਦੂਜੀ ਥਾਂ ਜਾ ਲੁਕੇ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਅਲ-ਬਦਰ ਸਮੂਹ ਦੇ 2 ਅੱਤਵਾਦੀ ਮਾਰੇ ਗਏ ਹਨ। ਅੰਤਿਮ ਰਿਪੋਰਟ ਮਿਲਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ।

Leave a Reply

Your email address will not be published. Required fields are marked *