ਸੁਸ਼ਮਾ ਨੇ ਹਿੰਦ ਮਹਾਂਸਾਗਰ ਖੇਤਰ ਵਿੱਚ ਸ਼ਾਂਤੀ ਦੀ ਕੀਤੀ ਅਪੀਲ

ਹਨੋਈ/ਨਵੀਂ ਦਿੱਲੀ, 28 ਅਗਸਤ (ਸ.ਬ.) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਆਰਥਿਕ ਖੁਸ਼ਹਾਲੀ ਅਤੇ ਸਮੁੰਦਰੀ ਸੁਰੱਖਿਆ ਦੋਵੇਂ ਕਾਫੀ ਮਹੱਤਵਪੂਰਣ ਹਨ| ਸੁਰੱਖਿਆ ਦੇ ਮਾਮਲੇ ਵਿਚ ਗੈਰ-ਰਵਾਇਤੀ ਅਤੇ ਨਵੀਆਂ ਉਭਰਦੀਆਂ ਚੁਣੌਤੀਆਂ ਦਾ ਅਸੀਂ ਮਿਲ ਕੇ ਸਾਹਮਣਾ ਕਰਨਾ ਹੈ| ਸਵਰਾਜ ਨੇ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਤੀਜੇ ਹਿੰਦ ਮਹਾਸਾਗਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਅਸੀਂ ਸਮੁੰਦਰੀ ਸ਼ਾਂਤੀ ਅਤੇ ਸਥਿਰਤਾ ਦੇ ਬਿਨਾਂ ਹਿੰਦ ਮਹਾਸਾਗਰ ਦੇ ਸਰੋਤਾਂ ਦਾ ਲਾਭ ਨਹੀਂ ਲੈ ਸਕਦੇ| ਆਰਥਿਕ ਖੁਸ਼ਹਾਲੀ ਅਤੇ ਸਮੁੰਦਰੀ ਸੁਰੱਖਿਆ ਜ਼ਰੂਰੀ ਹੈ| ਸੁਰੱਖਿਆ ਇਕ ਯੂਨੀਵਰਸਲ ਸੰਕਲਪ ਹੈ, ਜਿਸ ਵਿਚ ਰਵਾਇਤੀ, ਗੈਰ-ਰਵਾਇਤੀ ਅਤੇ ਇਸ ਖੇਤਰ ਵਿਚ ਉਭਰੇ ਨਵੇਂ ਖਤਰੇ ਸ਼ਾਮਲ ਹਨ|
ਉਨ੍ਹਾਂ ਨੇ ਇਸ ਬਾਰੇ ਵਿਚ ਸਮੁੰਦਰੀ ਅੱਤਵਾਦ, ਤਸਕਰੀ, ਕੌਮਾਂਤਰੀ ਅਪਰਾਧਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ ਕਾਨੂੰਨੀ ਪ੍ਰਵਾਸ, ਸਮੁੰਦਰੀ ਖੇਤਰ ਵਿਚ ਡਕੈਤੀ ਅਤੇ ਸੰਵੇਦਨਸ਼ੀਲ ਵਸਤਾਂ ਦੇ ਵਾਧੇ ਦਾ ਜ਼ਿਕਰ ਕੀਤਾ| ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜਿਹੜੇ ਲੋਕ ਇਸ ਖੇਤਰ ਵਿਚ ਰਹਿੰਦੇ ਹਨ, ਉਨ੍ਹਾਂ ਦੀ ਹਿੰਦ ਮਹਾਸਾਗਰ ਵਿਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੀ ਮੁੱਢਲੀ ਜ਼ਿੰਮੇਵਾਰੀ ਹੈ| ਇਹ ਮੰਨਣਯੋਗ ਹੈ ਕਿ ਸਿਰਫ ਸਮੂਹਿਕ ਕੋਸ਼ਿਸ਼ਾਂ ਦੇ ਮਾਧਿਅਮ ਨਾਲ ਹੀ ਇਸ ਖੇਤਰ ਦੀਆਂ ਚੁਣੌਤੀਆਂ ਨਾਲ ਅਸੀਂ ਨਜਿੱਠ ਸਕਦੇ ਹਾਂ| ਇਸ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦੇ ਮਾਹੌਲ ਨੂੰ ਵਧਾਉਣਾ ਸਾਡੀ ਵਿਦੇਸ਼ ਨੀਤੀ ਦੀ ਇਕ ਮਹੱਤਵਪੂਰਣ ਤਰਜੀਹ ਹੈ| ਸਾਡਾ ਮੰਨਣਾ ਹੈ ਕਿ ਭਿੰਨਤਾਵਾਂ ਦੇ ਬਾਵਜੂਦ ਅਸੀਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ ਉਹ ਕਾਫੀ ਸਮਾਨ ਹਨ| ਇਸ ਖੇਤਰ ਲਈ ਸਾਡੀ ਦ੍ਰਿਸ਼ਟੀ ਸਹਿਯੋਗ ਅਤੇ ਸਮੂਹਿਕ ਕਾਰਵਾਈ ਦੀ ਹੈ|

Leave a Reply

Your email address will not be published. Required fields are marked *