ਸੁੱਕਾ ਹੀ ਲੰਘ ਗਿਆ ਕੈਪਟਨ ਸਰਕਾਰ ਦਾ ਪਹਿਲਾ ਸਾਲ

ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਹੋਂਦ ਵਿੱਚ ਆਏ ਪੂਰਾ ਇਕ ਸਾਲ ਹੋ ਗਿਆ ਹੈ| ਇਸ ਦੌਰਾਨ ਸੂਬਾ ਸਰਕਾਰ ਦੀ ਇੱਕ ਸਾਲ ਦੀ ਕਾਰਗੁਜਾਰੀ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸਰਕਾਰ ਆਮ ਜਨਤਾ ਦੀਆਂ ਉਮੀਦਾਂ ਤੇ ਖਰੀ ਉਤਰਨ ਵਿੱਚ ਕਾਫੀ ਹੱਦ ਤੱਕ ਨਾਕਾਮ ਦਿਖਦੀ ਹੈ ਅਤੇ ਸਮਾਜ ਦੇ ਲਗਭਗ ਸਾਰੇ ਵਰਗਾਂ ਦੇ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਨਜ਼ਰ ਆ ਰਹੇ ਹਨ| ਇੱਕ ਸਾਲ ਪਹਿਲਾਂ ਪੰਜਾਬ ਦੀ ਜਨਤਾ ਨੇ ਇਸ ਆਸ ਨਾਲ ਕਾਂਗਰਸ ਨੂੰ ਸੂਬੇ ਦੀ ਕਮਾਨ ਸੰਭਾਲੀ ਸੀ ਕਿ ਸਰਕਾਰ ਬਣਦਿਆਂ ਹੀ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਲੋਕਾਂ ਦੀਆਂ ਆਸਾਂ ਉਸੇ ਤਰ੍ਹਾਂ ਰਹਿ ਗਈਆਂ ਹਨ|
ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਵਲੋਂ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਗਿਆ ਹੈ| ਹਾਲਾਤ ਇਹ ਹਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਵਿਚ ਹੀ ਐਨੇ ਮਸਤ ਰਹਿੰਦੇ ਹਨ ਕਿ ਆਮ ਲੋਕ ਤਾਂ ਦੂਰ ਕਈ ਕਾਂਗਰਸੀ ਵਿਧਾਇਕ ਤਕ ਉਹਨਾਂ ਨੂੰ ਮਿਲਣ ਲਈ ਤਰਸਦੇ ਰਹਿੰਦੇ ਹਨ| ਸ਼ਾਇਦੇ ਇਸੇ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਉਹਨਾਂ ਨੂੰ ਮੋਤੀਆਂ ਵਾਲੀ ਸਰਕਾਰ ਕਿਹਾ ਜਾਂਦਾ ਹੈ| ਕੈਪਟਨ ਸਰਕਾਰ ਦੀ ਕਾਰਜਸੈਲੀ ਕਾਰਨ ਜਿੱਥੇ ਆਮ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਹੀਂ ਦਿਖ ਰਹੀ, ਉੱਥੇ ਕਾਂਗਰਸ ਦੇ ਹੀ ਕਈ ਵਿਧਾਇਕ ਵੀ ਕੈਪਟਨ ਦੀ ਸਰਕਾਰ ਚਲਾਉਣ ਦੀ ਕਾਰਜਸੈਲੀ ਤੋਂ ਅਸੰਤੁਸ਼ਟ ਹਨ| ਕੁੱਝ ਵਿਧਾਇਕ ਤਾਂ ਇਹ ਵੀ ਕਹਿਣ ਲੱਗ ਗਏ ਹਨ ਕਿ ਮੁੰਖ ਮੰਤਰੀ ਵਿਧਾਇਕਾਂ ਦੀ ਥਾਂ ਆਪਣੇ ਅਫਸਰਾਂ ਉਪਰ ਵਧੇਰੇ ਵਿਸ਼ਵਾਸ ਕਰਦੇ ਹਨ|
ਸੱਤਾ ਤੇ ਕਾਬਿਜ ਹੋਣ ਦੇ ਇੱਕ ਮਹੀਨੇ ਵਿੱਚ ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਤੇ ਮੁਕੰਮਲ ਰੋਕ ਲਗਾਉਣ, ਰੇਤਾ ਬਜਰੀ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਤੇ ਕਾਬੂ ਕਰਨ, ਪੰਜਾਬ ਵਿੱਚ ਲਗਾਤਾਰ ਵੱਧਦੇ ਅਪਰਾਧਾਂ ਤੇ ਕਾਬੂ ਕਰਨ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਵਿੱਚ ਸੁਧਾਰ ਕਰਨ, ਸਿਹਤ ਅਤੇ ਸਿਖਿਆ ਦੀਆਂ ਸਹੂਲਤਾਂ ਵਿੱਚ ਸੁਧਾਰ ਕਰਨ, ਬੇਰੁਜਗਾਰੀ ਦੂਰ ਕਰਨ ਅਤੇ ਘਰ ਘਰ ਨੌਕਰੀ ਦੇਣ, ਕਿਸਾਨਾਂ ਦੇ ਕਰਜੇ ਮਾਫ ਕਰਨ ਵਰਗੇ ਅਜਿਹੇ ਵਾਇਦਿਆਂ ਦੀ ਇੱਕ ਲੰਬੀ ਸੂਜੀ ਮੌਜੂਦ ਹੈ ਜਿਹੜੇ ਕਾਂਗਰਸ ਪਾਰਟੀ ਵਲੋਂ ਜਨਤਾ ਨਾਲ ਕੀਤੇ ਗਏ ਸਨ ਪਰੰਤੂ ਸੂਬਾ ਸਰਕਾਰ (ਘੱਟੋ ਘੱਟ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਦੌਰਾਨ)ਆਪਣੇ ਇਹਨਾਂ ਵਾਇਦਿਆਂ ਤੇ ਖਰਾ ਉਤਰਨ ਵਿੱਚ ਨਾਕਾਮ ਰਹੀ ਹੈ| ਭਾਵੇਂ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਕੁਝ ਉਪਰਾਲੇ ਕੀਤੇ ਹਨ ਪਰੰਤੂ ਇਹ ਗੱਲ ਵੀ ਚਰਚਾ ਦਾ ਵਿਸ਼ਾ ਰਹੀ ਹੈ ਕਿ ਇਸ ਕਰਜਾ ਮਾਫੀ ਦਾ ਲਾਭ ਸਿਰਫ ਉਹਨਾਂ ਕਿਸਾਨਾਂ ਨੂੰ ਹੀ ਮਿਲਿਆ ਹੈ ਜੋ ਕਾਂਗਰਸ ਦੇ ਹਮਾਇਤੀ ਸਨ ਜਾਂ ਫਿਰ ਜਿਹਨਾਂ ਦੀ ਕਿਸੇ ਕਾਂਗਰਸੀ ਆਗੂ ਦੇ ਨਾਲ ਨੇੜਤਾ ਹੈ| ਆਮ ਕਿਸਾਨ ਤਾਂ ਆਪਣੇ ਕਰਜੇ ਮਾਫ ਕਰਵਾਉਣ ਲਈ ਹੁਣੇ ਵੀ ਖੱਜਲਖੁਆਰ ਹੋ ਰਹੇ ਹਨ|
ਕੁਲ ਮਿਲਾਕੇ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਦੀ ਇੱਕ ਸਾਲ ਦੀ ਕਾਰਗੁਜਾਰੀ ਦਾ ਲੇਖਾਜੋਖਾ ਕੀਤਾ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਨੂੰ ਵਿਧਾਨਸਭਾ ਚੋਣਾਂ ਮੌਕੇ ਆਮ ਜਨਤਾ ਨਾਲ ਕੀਤੇ ਗਏ ਵਾਇਦਿਆਂ ਤੇ ਖਰਾ ਉਤਰਨ ਲਈ ਕਾਫੀ ਕੰਮ ਕਰਨਾ ਪੈਣਾ ਹੈ| ਇਸ ਵੇਲੇ ਸੂਬੇ ਦੀ ਨਾਜੁਕ ਵਿੱਤੀ ਸਥਿਤੀ ਅਤੇ ਆਰਥਿਕ ਮੋਰਚੇ ਤੇ ਕੇਂਦਰ ਸਰਕਾਰ ਤੋਂ ਕੋਈ ਮਦਦ ਨਾ ਮਿਲ ਸਕਣ ਕਾਰਨ ਸਰਕਾਰ ਵਾਸਤੇ ਆਪਣੇ ਅਜਿਹੇ ਵਾਇਦਿਆਂ ਨੂੰ ਪੂਰਾ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਜਿਹਨਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਵੱਡੀਆਂ ਰਕਮਾਂ ਚਾਹੀਦੀਆਂ ਹਨ| ਕਿਸਾਨਾਂ ਦੀ ਕਰਜਾ ਮਾਫੀ ਅਤੇ ਬੇਰੁਜਗਾਰਾਂ ਨੂੰ ਨੋਕਰੀਆਂ ਦੇਣ ਲਈ ਸਰਕਾਰ ਨੂੰ ਪਹਿਲਾਂ ਆਪਣੇ ਖਜਾਨੇ ਦੀ ਹਾਲਤ ਵਿੱਚ ਸੁਧਾਰ ਕਰਨਾ ਪੈਣਾ ਹੈ ਅਤੇ ਹਾਲ ਦੀ ਘੜੀ ਸਰਕਾਰ ਇਸ ਵਿੱਚ ਕਾਮਯਾਬ ਹੁੰਦੀ ਨਹੀਂ ਦਿਖ ਰਹੀ ਹੈ|
ਸਰਕਾਰ ਦੀ ਇਸ ਢਿੱਲੀ ਕਾਰਗੁਜਾਰੀ ਕਾਰਨ ਆਮ ਲੋਕਾਂ ਦਾ ਭਰੋਸਾ ਸਰਕਾਰ ਤੋਂ ਡੋਲਦਾ ਜਾ ਰਿਹਾ ਹੈ ਅਤੇ ਸਰਕਾਰ ਪ੍ਰਤੀ ਆਮ ਲੋਕਾਂ ਵਿੱਚ ਵੱਧਦਾ ਗੁੱਸਾ ਹੁਣ ਸੜਕਾਂ ਤੇ ਆਉਣ ਲੱਗ ਪਿਆ ਹੈ| ਕਾਂਗਰਸ ਪਾਰਟੀ ਅਤੇ ਉਸਦੀ ਸਰਕਾਰ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜੇਕਰ ਸਰਕਾਰ ਨੇ ਆਪਣੀ ਕਾਰਜਸੈਲੀ ਵਿਚ ਲੋੜੀਂਦਾ ਸੁਧਾਰ ਨਾ ਕੀਤਾ ਅਤੇ ਆਮ ਲੋਕਾਂ ਦਾ ਭਰੋਸਾ ਕਾਇਮ ਨਾ ਰੱਖਿਆ ਤਾਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਪੰਜਾਬ ਦੀ ਜਨਤਾ ਉਸਨੂੰ ਜਿਹੜਾ ਜਵਾਬ ਦੇਵੇਗੀ ਉਸਨੂੰ ਬਰਦਾਸ਼ਤ ਕਰਨਾ ਸ਼ਾਇਦ ਕਾਂਗਰਸ ਪਾਰਟੀ ਲਈ ਇੰਨਾ ਆਸਾਨ ਨਾ ਹੋਵੇ|

Leave a Reply

Your email address will not be published. Required fields are marked *