ਸੁੱਖਾਂ ਸੁੱਖਣ ਨਾਲ ਨਾ ਕੋਈ ਕੰਮ ਬਣਦਾ ਹੈ ਤੇ ਨਾ ਵਿਗੜਦਾ ਹੈ: ਤਰਕਸ਼ੀਲ

ਮਾਜਰੀ/ਮੁੱਲਾਂਪੁਰ, 4 ਜੁਲਾਈ (ਸ.ਬ.)  ਸੁੱਖਾਂ ਸੁੱਖਣ ਨਾਲ ਨਾ ਤਾਂ ਕੋਈ ਕੰਮ ਬਣਦਾ ਹੈ ਅਤੇ ਨਾਂ ਹੀ ਵਿਗੜਦਾ ਹੈ| ਹਰ ਕੰਮ ਦੀਆਂ ਦੋ ਹੀ ਸੰਭਾਵਨਾਵਾਂ ਹੁੰਦੀਆਂ ਹਨ ਜਾਂ ਤਾਂ ਮਸਲੇ ਦਾ ਹੱਲ ਹੋਣਾ ਜਾ ਨਾ ਹੋਣਾ| ਜਿਨ੍ਹਾਂ ਲੋਕਾਂ ਦਾ ਕੰਮ ਬਣ ਜਾਂਦਾ ਹੈ ਉਹ ਸਮਝਦੇ ਹਨ ਇਹ ਮੰਨਤ ਮੰਗਣ ਨਾਲ ਹੋਇਆ ਹੈ, ਜਿਨ੍ਹਾਂ ਦਾ ਨਹੀਂ ਬਣਦਾ ਉਹ ਸੋਚਦੇ ਹਨ ਕਿ ਉਨ੍ਹਾਂ ਨੇ ਸੁੱਖ ਮਨ ਤੋਂ ਨਹੀਂ ਮੰਗੀ ਸੀ ਜਾ ਉਨ੍ਹਾਂ ਤੋਂ ਕੋਈ ਭੁੱਲ ਹੋਈ ਹੈ| ਲੋਕਾਂ ਨੂੰ ਅੰਧਵਿਸ਼ਵਾਸ ਵਿਚੋਂ ਕੱਢਣ ਲਈ ਕੁਝ ਅਜਿਹੇ ਹੀ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵਰਕਰਾਂ ਨੇ ਪਿੰਡ ਮਿਲਖ ਦੀ ਇਸ ਮਸਲੇ ਤੇ ਬੁਲਾਈ ਸਭਾ ਵਿੱਚ ਕਹੇ| ਤਰਕਸ਼ੀਲ ਸੁਸਾਇਟੀ ਜ਼ੋਨ ਚੰਡੀਗੜ੍ਹ ਦੇ ਸਭਿਆਚਾਰਕ ਵਿਭਾਗ ਦੇ ਮੁਖੀ ਬਲਦੇਵ ਜਲਾਲ ਨੇ ਕਿਹਾ ਕਿ ਪਿੰਡਾਂ ਵਿਚ ਅਕਸਰ ਪਾਖੰਡੀ ਬਾਬੇ, ਸਾਧ ਅਤੇ ਸੰਤ ਲੋਕਾਂ ਨੂੰ ਮੁੰਡਾ ਬਖਸ਼ਣ ਦਾ ਲਾਰਾ ਲਾ ਕੇ ਅੰਧਵਿਸ਼ਵਾਸ ਵਲ ਧੱਕਦੇ ਹਨ ਤੇ ਉਨ੍ਹਾਂ ਨੂੰ ਲੁੱਟਦੇ ਹਨ| ਉਨ੍ਹਾਂ ਕਿਹਾ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਅੱਧੇ ਮੁੰਡੇ ਅਤੇ ਅੱਧੀਆਂ ਕੁੜੀਆਂ ਨੇ ਜਨਮ ਲੈਣਾ ਹੁੰਦਾ ਹੈ| ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀ ਐਕਸ ਅਤੇ ਵਾਈ ਕ੍ਰੋਮੋਸੋਮ ਬਾਰੇ ਵਿਚ ਪੜ੍ਹਦੇ ਹਨ ਕਿ ਮਾਂ ਦੇ ਪੇਟ ਵਿਚ ਲੜਕਾ ਅਤੇ ਲੜਕੀ ਕਿਵੇਂ ਬਣਦੇ ਹਨ ਪਰ ਬਾਬਿਆਂ ਕੋਲ ਜਾ ਕੇ ਉਹ ਇਹ ਗੱਲਾਂ ਭੁੱਲ ਜਾਂਦੇ ਹਨ| ਤਰਕਸ਼ੀਲ ਸੁਸਾਇਟੀ ਮੁਹਾਲੀ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਕਿਸੇ ਕੋਲ ਕਾਲਾ ਇਲਮ ਨਾ ਦੀ ਕੋਈ ਸ਼ੈਅ ਨਹੀਂ ਹੁੰਦੀ| ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੁੱਝ ਪਾਖੰਡੀ ਬਾਬੇ ਵਿਅਕਤੀ ਨੂੰ ਚਮਕਦੀ ਵਸਤੂ ਵਲ ਵਿਖਾ ਕੇ ਹਿਪਨੋਟਾਈਜ਼ ਕਰ ਲੁੱਟਦੇ ਹਨ ਜਦ ਕਿ ਮਨੋਵਿਗਿਆਨਕ ਇਸ ਵਿਧੀ ਦਾ ਪ੍ਰਯੋਗ ਮਾਨਸਿਕ ਰੋਗੀਆਂ ਨੂੰ ਠੀਕ ਕਰਨ ਲਈ ਕਰਦੇ ਹਨ|
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਬਾਬਿਆਂ ਦੀ ਲੁੱਟ ਤੋਂ ਬਚਣ ਲਈ ਜਾਦੂ ਦੇ ਟ੍ਰਿਕ ਵੀ ਕਰ ਕੇ ਦਿਖਾਏ| ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਜਨਮ ਕੁੰਡਲੀਆਂ, ਵਸ਼ੀਕਰਨ, ਨਜ਼ਰ ਲੱਗਣਾ, ਰਾਹੂ-    ਕੇਤੂ ਜਿਹੇ ਕਲਪਿਤ ਗ੍ਰਿਹਾਂ ਦੇ ਭਰਮਜਾਲ ਵਿਚ ਨਾ ਪੈਣ| ਇਸ ਮੌਕੇ ਗੋਰਾ ਹੁਸ਼ਿਆਰਪੁਰੀ ਅਤੇ ਹਰਵਿੰਦਰ ਮੌਜੂਦ ਰਹੇ|

Leave a Reply

Your email address will not be published. Required fields are marked *