ਸੂਬਾ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਆਪਣੇ ਵਾਅਦੇ ‘ਤੇ ਪੂਰੀ ਤਰ੍ਹਾਂ ਦ੍ਰਿੜ : ਮੁੱਖ ਮੰਤਰੀ

‘ਨਸ਼ਿਆਂ ਦਾ ਛੇਤੀਂ ਹੀ ਸੂਬੇ ਵਿੱਚੋਂ ਸਫ਼ਾਇਆ ਕਰ ਦਿੱਤਾ ਜਾਵੇਗਾ’
ਜ਼ੀਰਕਪੁਰ (ਐਸ.ਏ.ਐਸ. ਨਗਰ), 8 ਅਪ੍ਰੈਲ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਮੁੜ ਦੁਹਰਾਇਆ ਕਿ ਸੂਬਾ ਸਰਕਰ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਖੇਤੀ ਕਰਜ਼ੇ ਮੁਆਫ਼ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਇਸ ਸਬੰਧ ਵਿੱਚ ਛੇਤੀਂ ਹੀ ਕੋਈ ਰਾਹ ਕੱਢ ਲਿਆ ਜਾਵੇਗਾ| ਮੁੱਖ ਮੰਤਰੀ ਅੱਜ ਜ਼ੀਰਕਪੁਰ ਵਿਖੇ ਡੀ-ਮਾਰਟ ਦੇ ਉਦਘਾਟਨ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ| ਇਹ ਪੰਜਾਬ ਵਿੱਚ ਆਪਣੇ ਕਿਸਮ ਦਾ ਪਹਿਲਾ ਸਟੋਰ ਹੈ|
ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਪਾਬੰਦ ਹੈ| ਉਨ੍ਹਾਂ ਕਿਹਾ ਸੂਬਾ ਸਰਕਾਰ ਨੇ ਖੇਤੀ ਕਰਜ਼ਿਆਂ ਦੇ ਸਬੰਧ ਵਿੱਚ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ| ਜੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਮਦਦ ਨਾ ਵੀ ਮਿਲੀ ਤਾਂ ਵੀ ਸੂਬਾ ਸਰਕਾਰ ਕਰਜ਼ੇ ਦੇ ਜਾਲ ਵਿੱਚ ਫਸੇ ਕਿਸਾਨਾਂ ਨੂੰ ਬਾਹਰ ਕੱਢਣ ਲਈ ਰਾਹ ਤੈਲਾਸ਼ੇਗੀ| ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੋਣ ਮੈਨੀਫੈਸਟੋ ਵਿੱਚ ਕੀਤੇ ਇੱਕ-ਇੱਕ ਵਾਅਦੇ ਨੂੰ ਅਮਲੀਜਾਮਾ ਪਹਿਨਾਉਣ ਦੀ ਵਚਨਬੱਧ ਹੈ| ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਸੂਬੇ ਦੀ ਸੱਤਾ ਸੰਭਾਲੇ ਹੋਏ ਕੇਵਲ ਕੁਝ ਹੀ ਦਿਨ ਹੋਏ ਹਨ ਪਰ ਫਿਰ ਵੀ ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਇੱਛਾਜਨਕ ਨਤੀਜੇ ਕੱਢਣ ਲਈ ਪੂਰੀ ਸਰਕਾਰੀ ਮਸ਼ੀਨਰੀ ਨੂੰ ਸਰਗਰਮ ਕਰ ਦਿੱਤਾ ਹੈ|
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਤਿੱਖੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ| ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਵਾਸਤੇ ਵਿਸ਼ੇਸ਼ ਟਾਸਕ ਫੋਰਸ ਬਣਾਈ ਗਈ ਹੈ ਜੋ ਸੂਬੇ ਵਿੱਚੋਂ ਚਾਰ ਹਫਤਿਆਂ ਵਿੱਚ ਨਸ਼ਿਆਂ ਦਾ ਬੀਜਨਾਸ਼ ਕਰਨ ਲਈ ਦ੍ਰਿੜਤਾ ਨਾਲ ਦਿਨ ਰਾਤ ਕਾਰਜ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਜਾਵੇਗਾ| ਭ੍ਰਿਸ਼ਟਾਚਾਰ ਨੂੰ ਖਤਮ ਕਰਨ ਸਬੰਧੀ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਇਸ ਸਬੰਧ ਵਿੱਚ ਕਈ ਕਦਮ ਚੁੱਕੇ ਗਏ ਹਨ| ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਇੱਕ ਦਹਾਕੇ ਦੇ ਸ਼ਾਸਨ ਦੌਰਾਨ ਕੀਤੇ ਘੁਟਾਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਸੂਬੇ ਨੂੰ ਸਹੀ ਲੀਹ ‘ਤੇ ਲਿਆਉਣ ਲਈ ਹਰ ਸਿਰਤੋੜ ਯਤਨ ਕੀਤਾ ਜਾਵੇਗਾ| ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਸੂਬੇ ਦੀ ਆਰਥਿਕ ਸਥਿਤੀ ਬਾਰੇ ਛੇਤੀਂ ਹੀ ਵਾਈਟ ਪੇਪਰ ਲਿਆਉਣ ਦਾ ਯਤਨ ਕਰੇਗੀ ਜਿਸ ਨਾਲ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਨਾਲ ਕੀਤਾ ਅਰਥਿਕ ਖਿਲਵਾੜ ਸਾਹਮਣੇ ਆਵੇਗਾ|
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੈਰ ਕਾਨੂੰਨੀ ਖਦਾਣਾਂ ਵਿਰੁੱਧ ਤਿੱਖੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਰੇਤਾ, ਬੱਜਰੀ ਦੇ ਸਬੰਧ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਦਹਾਕਾ ਭਰ ਕੀਤੀ ਗੜਬੜੀ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ| ਉਨ੍ਹਾਂ ਕਿਹਾ ਕਿ ਅਨੇਕਾਂ ਖਦਾਣਾਂ ਦੀ ਆਉਂਦੇ ਦਿਨਾਂ ਦੌਰਾਨ ਬੋਲੀ ਹੋ ਜਾਵੇਗੀ ਅਤੇ ਰੇਤਾ, ਬੱਜਰੀ ਦੇ ਭਾਅ ਹੇਠਾਂ ਆ ਜਾਣਗੇ| ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ ਨੂੰ ਮੁੱਖ ਪਹਿਲ ਦਿੱਤੀ ਜਾਵੇਗੀ ਅਤੇ ਇਸ ਦਿਸ਼ਾ ਵੱਲ ਨੂੰ ਲੀਹੋਂ ਹਟਵੀਆਂ ਅਨੇਕਾਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ|
ਇਸ ਤੋਂ ਪਹਿਲਾਂ ਡੀ-ਮਾਰਟ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਨੇ ਕੰਪਨੀ ਵੱਲੋਂ ਸ਼ੁਰੂ ਵਿਚ ਸੂਬੇ ਚ 10 ਸਟੋਰ ਸ਼ੁਰੂ ਕਰਨ ਦਾ ਸੁਆਗਤ ਕੀਤਾ ਜਿਨ੍ਹਾ ਉਤੇ ਤਕਰੀਬਨ 500 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਇਹ ਤਕਰੀਬਨ 1000 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਗੇ| ਉਨਾਂ੍ਹ ਕਿਹਾ ਕਿ ਸਰਕਾਰ ਦਾ ਮੁੱਖ ਜ਼ੋਰ ਸੂਬੇ ਨੂੰ ਨਿਵੇਸ ਪੱਖੀ ਬਣਾਉਣ ਉੱਤੇ ਰਹੇਗਾ ਤਾਂ ਜੋ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਂਦਾ ਜਾ ਸਕੇ| ਉਨਾਂ੍ਹ ਕਿਹਾ ਕਿ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਉਨਾਂ੍ਹ ਦੀ ਮੁੱਖ ਪ੍ਰਮਾਰਥਿਕਤਾ ਹੈ| ਉਨਾਂ੍ਹ ਕਿਹਾ ਕਿ ਨਿਵੇਸ਼ਕਾਂ ਨੂੰ ਅਕ੍ਰਸ਼ਿਤ ਕਰਨਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਉਨਾਂ੍ਹ ਦੀ ਨਵੀਂ ਉਦਯੋਕਿ ਨੀਤ ਦਾ ਉਦੇਸ਼ ਹੋਵੇਗਾ| ਇਹ ਨੀਤੀ ਛੇਤੀ ਹੀ ਲਿਆਂਦੀ ਜਾਵੇਗੀ|
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਾਬਕਾ ਵਿਧਾਇਕ ਸ੍ਰੀ ਕੇਵਲ ਸਿੰਘ ਢਿੱਲੋਂ, ਸ੍ਰੀ ਕਰਨ ਢਿਲੋ, ਸ੍ਰੀ ਕੰਵਰ ਢਿਲੋਂ , ਕਾਂਗਰਸ ਆਗੂ ਸ੍ਰੀ ਦੀਪਇੰਦਰ ਸਿੰਘ ਢਿੱਲੋਂ, ਸ੍ਰੀ ਜਸਪਾਲ ਸਿੰਘ ਜ਼ੀਰਕਪੁਰ, ਅਮ੍ਰਿੰਤਪਾਲ ਸਿੰਘ ਡੇਰਾਬਸੀ, ਸ੍ਰੀ ਵਾਸਦੇਵ ਮਦਾਨ ਲਾਲੜੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਐਮ.ਪੀ. ਸਿੰਘ, ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਐਸ.ਡੀ.ਐਮ ਡੇਰਾਬਸੀ ਰੁਹੀ ਦੁੱਗ ਆਈ.ਏ.ਐਸ, ਨਾਇਬ ਤਹਿਸੀਲਦਾਰ ਜ਼ੀਰਕਪੁਰ ਪਰਮਜੀਤ ਸਿੰਘ ਅਤੇ ਪ੍ਰਿੰਸੀਪਲ ਢਿਲੋਂ ਗਰੁੱਪ, ਸ੍ਰੀ ਐਲਵੀਨ ਮਕਾਡੋ ਕਾਰਜਕਾਰੀ ਡਾਇਰੈਕਟਰ ਐਵਨਿਊ ਸੁਪਰਮਾਰਟਸ (ਡੀ-ਮਾਰਟ), ਡਾਇਰੈਕਟਰ ਐਵਨਿਊ ਸੁਪਰਮਾਰਟਸ ਸ੍ਰੀ ਪਰਕਾਸ਼ ਪਸਚੀਜਾ, ਸ੍ਰੀ ਰਾਜੇਸ਼ ਸੇਠ ਏ.ਵੀ.ਪੀ ਐਵਨਿਊ ਸੁਪਰਮਾਰਟਸ, ਸ੍ਰੀ ਵਿਵੇਕ ਗੋਸਵਾਮੀ ਮੈਨੇਜ਼ਰ ਪ੍ਰਾਪਰਟੀ ਐਕੂਜੀਸ਼ਨ ਐਵਨਿT ਸਪਰਮਾਰਟਸ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *